Abohar Girl Student Suicide : ਅਬੋਹਰ ਦੇ ਸਥਾਨਕ ਸੁਭਾਸ਼ ਨਗਰ ਵਿੱਚ 17 ਸਾਲਾ ਇਕ ਵਿਦਿਆਰਥਣ ਵੱਲੋਂ ਅਣਪਛਾਤੇ ਕਾਰਨਾਂ ਕਰਕੇ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੀਤੀ ਸ਼ਾਮ ਦੀ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ।

Continues below advertisement

ਮ੍ਰਿਤਕਾ ਦੀ ਪਛਾਣ ਅਰਚਨਾ (17) ਪੁੱਤਰੀ ਸੰਜੀਵ ਕੁਮਾਰ ਵਜੋਂ ਹੋਈ ਹੈ। ਅਰਚਨਾ ਆਪਣੇ ਦੋ ਭਰਾਵਾਂ ਦੀ ਇਕਲੌਤੀ ਛੋਟੀ ਭੈਣ ਸੀ ਅਤੇ ਉਸਨੇ ਹਾਲ ਹੀ ਵਿੱਚ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ। ਉਸਦੇ ਪਿਤਾ ਗੰਨੇ ਦੇ ਰਸ ਦੀ ਰੇਹੜੀ ਲਗਾ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ।

Continues below advertisement

ਘਰ ਵਿੱਚ ਇਕੱਲੀ ਸੀ ਵਿਦਿਆਰਥਣ

ਪਰਿਵਾਰਕ ਮੈਂਬਰਾਂ ਮੁਤਾਬਕ ਬੀਤੇ ਦਿਨ ਪਰਿਵਾਰ ਦੇ ਸਾਰੇ ਮੈਂਬਰ ਆਪਣੇ-ਆਪਣੇ ਕੰਮਾਂ 'ਤੇ ਗਏ ਹੋਏ ਸਨ ਅਤੇ ਅਰਚਨਾ ਘਰ ਵਿੱਚ ਇਕੱਲੀ ਸੀ। ਜਦੋਂ ਦੇਰ ਸ਼ਾਮ ਪਰਿਵਾਰ ਵਾਪਸ ਘਰ ਆਇਆ ਤਾਂ ਘਰ ਦਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਅਰਚਨਾ ਕਮਰੇ ਵਿੱਚ ਪੱਖੇ ਨਾਲ ਲਟਕ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸਨੂੰ ਹੇਠਾਂ ਉਤਾਰਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਰਚਨਾ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੇ ਏਐਸਆਈ ਬਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 12ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਰਚਨਾ ਮਾਨਸਿਕ ਤੌਰ 'ਤੇ ਕੁਝ ਪਰੇਸ਼ਾਨ ਰਹਿਣ ਲੱਗ ਪਈ ਸੀ। ਉਸਨੇ ਪਰਿਵਾਰ ਅਤੇ ਹੋਰ ਲੋਕਾਂ ਨਾਲ ਗੱਲਬਾਤ ਵੀ ਕਾਫੀ ਘੱਟ ਕਰ ਦਿੱਤੀ ਸੀ। ਹਾਲਾਂਕਿ ਉਸਨੇ ਇਹ ਕਦਮ ਕਿਉਂ ਚੁੱਕਿਆ, ਇਸ ਬਾਰੇ ਪਰਿਵਾਰ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ।

ਪੁਲਿਸ ਨੇ ਜਾਂਚ ਸ਼ੁਰੂ ਕੀਤੀ

ਪੁਲਿਸ ਨੇ ਮ੍ਰਿਤਕਾ ਦੇ ਪਿਤਾ ਸੰਜੀਵ ਕੁਮਾਰ ਦੇ ਬਿਆਨ ਦਰਜ ਕਰ ਲਏ ਹਨ। ਇਸ ਆਧਾਰ 'ਤੇ ਬੀਐਨਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।