ਭਾਰਤੀ ਜਨਤਾ ਪਾਰਟੀ ਦੇ ਸੂਬਾ ਬੁਲਾਰੇ ਪ੍ਰੋਫੈਸਰ ਸਰਚਾਂਦ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੀਐਮ ਭਗਵੰਤ ਮਾਨ 5 ਦਿਨਾ ਦੌਰੇ ਉੱਤੇ ਹਨ, ਪਰ ਉਹ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਸੜਕਾਂ ਉੱਤੇ ਰੋਡ ਸ਼ੋਅ ਦੌਰਾਨ ਬੀਤੇ ਕਰੀਬ ਦੋ ਦਹਾਕਿਆਂ ਤੋਂ ਪੰਜਾਬ ਦੇ ਸਭ ਤੋਂ ਚਰਚਿਤ ਬੇਅਦਬੀ ਤੇ ਕੋਟਕਪੂਰਾ ਗੋਲੀਕਾਂਡ ਮੁੱਦੇ ਸਬੰਧੀ ਮੂੰਹ ਨਾ ਖੋਲ੍ਹਣ ਤਾਂ ਕਿਹਾ ਜਾ ਸਕਦਾ ਹੈ ਕਿ ਹੁਣ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ।
ਭਾਜਪਾ ਦੇ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਗੁਰੂ ਨਗਰੀ ’ਚ ਸੀਐਮ ਭਗਵੰਤ ਮਾਨ ਵੱਲੋਂ ਆਪ ਦੇ ਉਮੀਦਵਾਰ ਲਈ ਕੀਤੇ ਰੋਡ ਸ਼ੋਅ ਨੂੰ ਲੋਕਾਂ ਦਾ ਫਿੱਕਾ ਹੁੰਗਾਰਾ ਤਾਂ ਜ਼ਾਹਰ ਹੋਇਆ ਹੀ ਹੈ, ਸਗੋਂ ਆਪ ਦੇ ਆਪਣੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੈਰ ਹਾਜ਼ਰੀ ਨੇ ਚੱਲ ਰਹੀਆਂ ਚਰਚਾਵਾਂ ਦੀ ਪੁਸ਼ਟੀ ਕੀਤੀ ਹੈ ਕਿ ਆਪ ’ਚ ਹੁਣ ਆਪਣੇ ਵੀ ਬੇਗਾਨਿਆਂ ਵਾਂਗ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਮੁੱਖ ਮੰਤਰੀ ਦੇ ਰੋਡ ਸ਼ੋਅ ਤੋਂ ਇੱਕ ਦਿਨ ਪਹਿਲਾਂ ਹੀ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇੱਕ ਸੋਸ਼ਲ ਮੀਡੀਆ ਪੋਸਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਵੇਂ ਉਨ੍ਹਾਂ ਨੇ ਆਪਣੀ ਹੀ ਸਰਕਾਰ ਨੂੰ ਬੇਅਦਬੀ ਵਰਗੀ ਸੰਵੇਦਨਸ਼ੀਲ ਮੁੱਦੇ ਵਿਸਾਰਨ ਦੀ ਦੋਸ਼ ਲਾਏ ਸਨ।
ਪ੍ਰੋਫੈਸਰ ਸਰਚਾਂਦ ਸਿੰਘ ਨੇ ਕਿਹਾ ਕਿ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੀਐੱਮ ਭਗਵੰਤ ਮਾਨ ਉੱਤੇ ਸੰਗੀਨ ਦੋਸ਼ ਲਾਉਂਦਿਆਂ ਸੋਸ਼ਲ ਮੀਡੀਆ ਉੱਤੇ ਲੰਮੀ ਚੌੜੀ ਪੋਸਟ ’ਚ ਕਈ ਸਵਾਲ ਚੁੱਕੇ ਹਨ। ਕੁੰਵਰ ਨੇ ਪੋਸਟ ਚ ਆਪਣੀ ਹੀ ਸਰਕਾਰ ਉੱਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਵੀ ਲਗਾਇਆ।
ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਨੂੰ ਕੋਟ ਕਰਦੇ ਹੋਏ ਲਿਖਿਆ ਕਿ ਜੇ ਅੱਜ ਤੁਸੀਂ ਮੇਰੀ "ਨਿੱਜੀ ਰਾਏ" ਕਹਿ ਰਹੇ ਹੋ, ਤਾਂ ਮੇਰੀ "ਨਿੱਜੀ ਰਾਏ" ਦਾ ਉਸ ਕੁਰਸੀ ਨਾਲ ਬਹੁਤ ਹੀ ਨੇੜਲਾ ਸਬੰਧ ਹੈ ਜਿਸ 'ਤੇ ਆਪ ਬਿਰਾਜਮਾਨ ਹੋ। ਤੁਹਾਨੂੰ ਯਾਦ ਹੈ 2017 ਦੀਆਂ ਚੋਣਾਂ, ਤੁਸੀਂ ਆਪ ਵੀ ਜਲਾਲਾਬਾਦ ਤੋਂ ਹਾਰ ਗਏ ਸੀ। ਪਰ ਤੁਹਾਡੇ ਨਾਲ 2022 ਵਿੱਚ, ਇਹ ਮੇਰੀ "ਨਿੱਜੀ ਰਾਏ" ਇਹੋ ਬੇਅਦਬੀ ਦਾ ਮੁੱਦਾ ਸੀ ਤੇ ਮੈਂ ਵੀ ਸੀ। ਤੁਸੀਂ ਮੇਰੀ ਫੋਟੋ ਪੰਜਾਬ ਦੇ ਹਰ ਜ਼ਿਲ੍ਹੇ ਦੇ ਹਰ ਚੌਕ-ਚੁਰਸਤੇ ਚ ਲਗਵਾਈ ਸੀ। ਤੁਸੀਂ ਆਪ ਜਿੱਤੇ ਤੇ ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਦਿੱਤੇ। ਜਿੱਥੋਂ ਤੱਕ ਇਨਸਾਫ਼ ਦਾ ਸਵਾਲ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵੱਲੋਂ ਜ਼ਰੂਰ ਕੀਤਾ ਜਾਵੇਗਾ।
ਪ੍ਰੋਫੈਸਰ ਸਰਚਾਂਦ ਨੇ ਕਿਹਾ ਕਿ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ਨੇ ਬੀਤੇ ਸਮੇਂ ਦੌਰਾਨ ਸੂਬੇ ਵਿੱਚ ਕਈ ਸਿਆਸੀ ਪਾਰਟੀਆਂ ਦਾ ਬਿਸਤਰਾ ਗੋਲ ਕੀਤਾ ਹੈ, ਹੁਣ ਇਸ ਮੁੱਦੇ ਉੱਤੇ ਯੂ-ਟਰਨ ਮਾਰਨ ਨੂੰ ਲੈ ਕੇ ਪੰਜਾਬ ਦੇ ਲੋਕ ਹੀ ਨਹੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਖੁੱਲ੍ਹ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਨ ਲੱਗ ਪਏ ਹਨ।
ਸੂਬਾ ਬੁਲਾਰੇ ਪ੍ਰੋਫੈਸਰ ਸਰਚਾਂਦ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੇ ਰੋਡ ਸ਼ੋਅ ਦੌਰਾਨ ਬੋਲੇ ਬੋਲ 'ਮਾਝੇ ਵਾਲੇ ਜਦੋਂ ਮਨ ਬਣਾ ਲੈਂਦੇ ਹਨ ਤਾਂ ਬਦਲਦੇ ਨਹੀਂ, ਨੂੰ ਬੇਅਦਬੀ ਦੇ ਮੁੱਦੇ ਵਿਸਾਰਨ ਦੇ ਮੱਦੇਨਜ਼ਰ ਆਪ ਦੇ ਉਮੀਦਵਾਰ ਨੂੰ ਵੋਟ ਦੀ ਚੋਟ ਦੇ ਕੇ ਗੁਰੂ ਨਗਰੀ ਦੇ ਵਸਨੀਕ ਜ਼ਰੂਰ ਪੁਗਾ ਦੇਣਗੇ ਤੇ ਬੜੇ ਅਦਬ ਨਾਲ ਘਰਾਂ ਨੂੰ ਵਾਪਸ ਭੇਜਣਗੇ।