Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਨੀਲ ਜਾਖੜ, ਸੁਖਬੀਰ ਬਾਦਲ ਅਤੇ ਰਾਜਾ ਵੜਿੰਗ ਦੇ ਨਾਲ ਪ੍ਰਤਾਪ ਬਾਜਵਾ ਨੂੰ ਮੀਡੀਆ ਸਾਹਮਣੇ ਬੈਠ ਇੱਕ ਨਵੰਬਰ ਪੰਜਾਬ ਦਿਵਸ ਮੌਕੇ ਬਹਿਸ ਦਾ ਖੁੱਲਾ ਸੱਦਾ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਸਿਆਸਤ ਗਰਮਾਉਣ ਲੱਗੀ ਹੈ। 


ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਹੈ ਕਿ ਇਹ ਬਹਿਸ ਸਿਆਸੀ ਨਹੀਂ ਹੋਣੀ ਚਾਹੀਦੀ ਸਗੋਂ ਵਿਚਾਰਾਂ ਦੀ ਹੋਣੀ ਚਾਹੀਦੀ ਹੈ। ਸੁਰਿੰਦਰ ਡੱਲਾ ਨੇ ਕਿਹਾ ਕਿ ਇਸ ਬਹਿਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਸ਼ਾਮਿਲ ਹੋਣਾ ਬੇਹਦ ਜ਼ਰੂਰੀ ਹੈ। ਉਨ੍ਹਾਂ ਨੇ ਕਾਂਗਰਸ ਦੀ ਸਰਕਾਰ ਵੇਲੇ ਵੀ ਆਪਣੀ ਗੱਲ ਕਹੀ ਸੀ ਅਤੇ ਸੁਨੀਲ ਜਾਖੜ ਨਾਂ ਤਾਂ ਕਾਂਗਰਸ ਦੀ ਸਰਕਾਰ ਵੇਲੇ ਖੁੱਲ ਕੇ ਬੋਲ ਸਕੇ ਅਤੇ ਨਾਂ ਹੀ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ ਉਦੋਂ ਉਹ ਬੋਲੇ। 


ਸਰਿੰਦਰ ਡੱਲਾ ਨੇ ਕਿਹਾ ਕਿ ਇਹ ਬਹਿਸ ਜਰੂਰ ਹੋਣੀ ਚਾਹੀਦੀ ਹੈ ਪਰ ਜੇ ਇਹ ਵਿਧਾਨ ਸਭਾ ਦੇ ਵਿੱਚ ਹੁੰਦੀ ਤਾਂ ਹੋਰ ਵਧੀਆ ਹੁੰਦਾ ਪਰ ਇਹ ਵਿਧਾਨ ਸਭਾ ਦੇ ਬਾਹਰ ਹੋ ਰਹੀ ਹੈ ਤਾਂ ਇਸ ਕਰਕੇ ਇਸ ਵਿੱਚ ਪੰਜਾਬ ਲਈ ਡੂੰਘੀ ਸੋਚ ਰੱਖਣ ਵਾਲਿਆਂ ਨੂੰ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਹੈ। 


ਉਨ੍ਹਾਂ ਨੇ ਸੁਖਪਾਲ ਖਹਿਰਾ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਉਹ ਫਿਲਹਾਲ ਜੇਲ੍ਹ ਚ ਹੈ। ਉਨ੍ਹਾ ਕਿਹਾ ਕਿ ਜਿਹੜੇ ਲੀਡਰ ਪੰਜਾਬ ਦੇ ਲਈ ਫਿਕਰਮੰਦ ਹਨ ਉਹਨਾਂ ਨੂੰ ਜਰੂਰ ਇਸ ਮੁੱਦੇ ਤੇ ਇੱਕ ਦੂਜੇ ਦੇ ਵਿਚਾਰ ਪੇਸ਼ ਕਰਨੀ ਚਾਹੀਦੇ ਹਨ ਭਾਵੇਂ ਉਹ ਕੋਈ ਵੀ ਮੁੱਦਾ ਕਿਉਂ ਨਾ ਹੋਵੇ । 


ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਟਵੀਟ ਕਰਕੇ ਕਿਹਾ ਸੀ...ਭਾਜਪਾ ਪ੍ਰਧਾਨ ਜਾਖੜ ਜੀ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਮੇਰਾ ਖੁੱਲਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜੇ, ਜਵਾਨੀ ਕਿਸਾਨੀ, ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ..ਸਾਰੇ ਮੁੱਦਿਆਂ ਤੇ ਲਾਈਵ ਬਹਿਸ ਕਰੀਏ..ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ..1 ਨਵੰਬਰ ‘ਪੰਜਾਬ ਦਿਵਸ” ਵਾਲਾ ਦਿਨ ਠੀਕ ਰਹੇਗਾ..ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ.. ਮੇਰੀ ਤਾਂ ਪੂਰੀ ਤਿਆਰੀ ਐ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ..