ਪੱਟੀ: ਪੱਟੀ ਤੋਂ ਥੋੜੀ ਦੂਰ ਪਿੰਡ ਕਿਰਤੋਵਾਲ ਵਿੱਚ ਟਰੱਕ ਟਰਾਲੇ ਵੱਲੋਂ ਕਾਰ ਨੂੰ ਫੇਟ ਮਾਰਨ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਇੱਕ ਗੰਭੀਰ ਜ਼ਖਮੀ ਹੋ ਗਿਆ। ਹਾਸਲ ਜਾਣਕਾਰੀ ਅਨੁਸਾਰ ਸਵੇਰੇ 8 ਵਜੇ ਦੇ ਕਰੀਬ ਹਰੀਕੇ ਤੋਂ ਪੱਟੀ ਵਾਲੇ ਪਾਸੇ ਆ ਰਹੇ ਟਰਾਲੇ ਨੇ ਕਿਰਤੋਵਾਲ ਵਿੱਚ ਸਲਾਰੀਓ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਵਿੱਚ ਇੱਕੋ ਪਰਿਵਾਰ ਦੇ 3 ਜੀਅ ਤੇ ਇੱਕ ਉਨ੍ਹਾਂ ਦਾ ਦੋਸਤ ਹਰੀਕੇ ਜਾ ਰਹੇ ਸਨ।

 

 

ਕਾਰ ਚਾਲਕ ਜਤਿੰਦਰ ਕੁਮਾਰ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਿਹਾ ਟਰਾਲਾ ਇੱਕ ਟਰੈਕਟਰ ਟਰਾਲੀ ਨੂੰ ਉਵਰਟੇਕ ਕਰ ਰਿਹਾ ਸੀ। ਉਸ ਦਾ ਸਤੁੰਲਨ ਵਿਗੜਨ 'ਤੇ ਉਸ ਨੇ ਕਾਰ ਨੂੰ ਸਾਈਡ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਪਲਟ ਗਈ। ਗੱਡੀ ਵਿੱਚ ਸਵਾਰ ਵਰਿੰਦਰ ਕੁਮਾਰ ਸੋਨੂੰ (26) ਪੁੱਤਰ ਰਾਮ ਲੁਭਾਇਆ ਕਿਰਤੋਵਾਲ, ਕ੍ਰਿਸ਼ਨ (2) ਪੁੱਤਰ ਵਰਿੰਦਰ ਕੁਮਾਰ, ਪ੍ਰਿਅੰਕਾ (4) ਪੁੱਤਰੀ ਵਰਿੰਦਰ ਕੁਮਾਰ ਦੀ ਮੌਤ ਹੋ ਗਈ। ਵਰਿੰਦਰ ਦੇ ਦੋਸਤ ਹਰਦੀਪ ਸਿੰਘ ਪੁੱਤਰ ਸਤਨਾਮ ਸਿੰਘ (27) ਵਾਸੀ ਸਭਰਾ ਦੀ ਵੀ ਮੌਕੇ 'ਤੇ ਮੌਤ ਹੋ ਗਈ।

 

ਟਰਾਲਾ ਡਰਾਈਵਰ ਟਰਾਲੇ ਸਮੇਤ ਫਰਾਰ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਤਲਾਸ਼ ਜਾਰੀ ਹੈ। ਥਾਣਾ ਮੁੱਖੀ ਕੰਵਲਜੀਤ ਸਿੰਘ ਨੇ ਕਿਹਾ ਕਿ ਕਾਰ ਚਾਲਕ ਜਤਿੰਦਰ ਕੁਮਾਰ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਡਰਾਈਵਰ ਖਿਲਾਫ ਕੇਸ ਦਰਜ ਕਰ ਲਿਆ ਤੇ ਉਸ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।