ਰੂਪਨਗਰ: ਚੰਡੀਗੜ੍ਹ ਰੋਡ ’ਤੇ ਭੱਠਾ ਸਾਹਿਬ ਚੌਕ ਕੋਲ ਟੋਹਾਣਾ ਤੋਂ ਰੂਪਨਗਰ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ, ਇਨੋਵਾ ਗੱਡੀ ਤੇ ਬੱਜਰੀ ਨਾਲ ਭਰੇ ਟਰੱਕ ਵਿਚਾਲੇ ਟੱਕਰ ਹੋਣ ਨਾਲ ਭਿਆਨਕ ਹਾਦਸਾ ਵਾਪਰਿਆ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਬੱਜਰੀ ਨਾਲ ਭਰਿਆ ਟਰੱਕ ਪਲਟ ਗਿਆ ਤੇ ਇਨੋਵਾ ਗੱਡੀ ਮਸਾਂ ਇਸ ਦੇ ਹੇਠਾਂ ਆਉਣੋਂ ਬਚੀ। ਬੱਸ ਦੀਆਂ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ।
ਦਰਅਸਲ ਪੰਜਾਬ ਰੋਡਵੇਜ਼ ਦੀ ਬੱਸ ਟੋਹਾਣਾ ਤੋਂ ਚੰਡੀਗੜ੍ਹ ਹੁੰਦੀ ਰੋਪੜ ਆ ਰਹੀ ਸੀ। ਭੱਠਾ ਸਾਹਿਬ ਚੌਂਕ ਕੋਲ ਬੱਸ ਦੇ ਸਾਹਮਣਿਓਂ ਬੱਜਰੀ ਨਾਲ ਭਰਿਆ ਟਰੱਕ ਆ ਰਿਹਾ ਸੀ। ਚਮਕੌਰ ਸਾਹਿਬ ਮਾਗਰ ਤੋਂ ਮੁੜਨ ਲੱਗਿਆਂ ਟਰੱਕ ਦੇ ਸਾਹਮਣੇ ਇਨੋਵਾ ਗੱਡੀ ਆ ਗਈ। ਇਸੇ ਦੌਰਾਨ ਕਾਹਲੀ ਵਿੱਚ ਟਰੱਕ ਚਾਲਕ ਦਾ ਧਿਆਨ ਭਟਕ ਗਿਆ ਤੇ ਟਰੱਕ ਪਲ਼ਟ ਗਿਆ।
ਇਸੇ ਦੌਰਾਨ ਬੱਸ, ਕਾਰ ਤੇ ਟਰੱਕ ਦੀ ਟੱਕਰ ਹੋ ਗਈ। ਬੱਸ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਘਟਨਾ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਬੱਜਰੀ ਨਾਲ ਭਰੇ ਟਰੱਕ ਨੂੰ ਤੇਜ਼ ਰਫਤਾਰ ਇਨੇਵਾ ਕਾਰ ਓਵਰ ਟੇਕ ਕਰਨ ਲੱਗੀ ਸੀ ਪਰ ਮੁੜਨ ਲੱਗਿਆਂ ਇਹ ਹਾਦਸਾ ਵਾਪਰ ਗਿਆ।