ਲੁਧਿਆਣਾ : ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਆਰੋਪੀ ਮੈਡੀਕਲ ਕਰਵਾਉਣ ਦੌਰਾਨ ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ ਹੈ। ਪੁਲਿਸ ਮੁਲਾਜ਼ਮਾਂ ਨੇ ਕਾਫੀ ਦੂਰ ਤੱਕ ਉਸਦਾ ਪਿੱਛਾ ਕੀਤਾ ਪਰ ਉਸਨੂੰ ਫੜਨ ਵਿੱਚ ਅਸਫਲ ਰਹੇ। ਪੁਲਿਸ ਨੇ ਇਲਾਕੇ ਦੇ ਸਾਰੇ ਥਾਣਿਆਂ ਨੂੰ ਸੂਚਿਤ ਕਰ ਕੇ ਉਥੇ ਨਾਕਾਬੰਦੀ ਕਰ ਦਿੱਤੀ ਪਰ ਖਬਰ ਲਿਖੇ ਜਾਣ ਤੱਕ ਕੋਈ ਸੁਰਾਗ ਨਹੀਂ ਲੱਗਾ ਸੀ।


ਥਾਣਾ ਸਾਹਨੇਵਾਲ ਵਿੱਚ ਨਾਬਾਲਗ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦੀ ਸੀ ਅਤੇ ਮੁਲਜ਼ਮ ਵੀ ਉੱਥੇ ਕੰਮ ਕਰਦਾ ਹੈ। ਇਸ ਕਾਰਨ ਉਸ ਦੀ ਜਾਣ ਪਛਾਣ ਹੋਈ। 6 ਸਤੰਬਰ ਦੀ ਰਾਤ ਨੂੰ ਜਦੋਂ ਉਹ ਇਲਾਕੇ ਦੀ ਇਕ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈਣ ਗਈ ਸੀ ਤਾਂ ਮੁਲਜ਼ਮ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਤੇ ਸਾਰੀ ਰਾਤ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਅਗਲੇ ਦਿਨ ਕਮਰੇ 'ਚ ਛੱਡ ਕੇ ਫ਼ਰਾਰ ਹੋ ਗਿਆ। 

 

10 ਸਤੰਬਰ ਨੂੰ ਜਦੋਂ ਪੀੜਤਾ ਦੀ ਸਿਹਤ ਵਿਗੜ ਗਈ ਤਾਂ ਉਸ ਨੇ ਸਾਰੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਥਾਣਾ ਸਾਹਨੇਵਾਲ ਨੂੰ ਦਿੱਤੀ ਗਈ।ਪੁਲਿਸ ਨੇ ਮਾਮਲਾ ਦਰਜ ਕਰਕੇ ਸੋਮਵਾਰ ਨੂੰ ਦੋਸ਼ੀ ਰਮਨਦੀਪ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕਰਨਾ ਸੀ। 

 

ਇਸ ਤੋਂ ਪਹਿਲਾਂ ਸਾਹਨੇਵਾਲ ਥਾਣੇ ਦੇ ਦੋ ਅਧਿਕਾਰੀ ਏਐਸਆਈ ਗੁਰਮੁੱਖ ਸਿੰਘ ਅਤੇ ਇੱਕ ਹੈੱਡ ਕਾਂਸਟੇਬਲ ਮੁਲਜ਼ਮ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮ ਪੁਲੀਸ ਮੁਲਾਜ਼ਮਾਂ ਨੂੰ ਐਮਰਜੈਂਸੀ ਵਾਰਡ ਦੇ ਬਾਹਰ ਧੱਕਾ ਦੇ ਕੇ ਫਰਾਰ ਹੋ ਗਿਆ। ਪੁਲਸ ਵਾਲਿਆਂ ਨੇ ਕਾਫੀ ਦੂਰ ਤੱਕ ਉਸ ਦਾ ਪਿੱਛਾ ਕੀਤਾ ਪਰ ਉਸ ਨੂੰ ਫੜ ਨਹੀਂ ਸਕੇ।

ਮੁਲਜ਼ਮ ਦੇ ਫ਼ਰਾਰ ਹੋਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਦੋ ਦੀ ਪੁਲੀਸ ਅਤੇ ਸਿਵਲ ਹਸਪਤਾਲ ਚੌਕੀ ਦੀ ਪੁਲੀਸ ਵੀ ਮੌਕੇ ’ਤੇ ਪੁੱਜੀ ਅਤੇ ਜਾਣਕਾਰੀ ਹਾਸਲ ਕੀਤੀ। ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ। ਰਮਨਦੀਪ ਨੂੰ ਫੜਨ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ, ਪੁਲਿਸ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਸਿਵਲ ਹਸਪਤਾਲ ਚੌਕੀ ਦੇ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।