ਚੰਡੀਗੜ੍ਹ: ਇੱਕ ਵੀਡੀਓ ਸਾਹਮਣੇ ਆਉਣ ਮਗਰੋਂ ਨਸ਼ੇ ਦੇ ਕਾਰੋਬਾਰੀਆਂ 'ਤੇ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ। ਵਾਇਰਲ ਵੀਡੀਓ 'ਚ ਨਸ਼ਾ ਵੇਚਣ ਵਾਲੇ ਵਿਅਕਤੀ 'ਤੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਰ ਕਰ ਲਿਆ ਹੈ। ਇਹ ਵਿਅਕਤੀ ਫਰੀਦਕੋਟ 'ਚ ਰੇਲਵੇ ਟ੍ਰੈਕ 'ਤੇ ਨਸ਼ਾ ਵੇਚ ਰਹੇ ਸੀ।
ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ 7 ਲੋਕਾਂ ਖਿਲਾਫ FIR ਦਰਜ ਕੀਤੀ ਹੈ। ਸਾਰੇ ਸੱਤ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ। ਵੀਡੀਓ 'ਚ ਨਜ਼ਰ ਆ ਰਹੇ ਵਿਅਕਤੀ ਦੀ ਸ਼ਨਾਖਤ ਜਿਆਜੀ ਵਜੋਂ ਹੋਈ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਜਿਆਜੀ ਨੂੰ ਗ੍ਰਿਫਤਾਰ ਕਰ ਲਿਆ ਹੈ। ਐਫਆਈਆਰ ਵਿੱਚ ਰਵੀ ਮੁੱਖ ਸਪਲਾਇਰ ਵਜੋਂ ਨਾਮਜ਼ਦ ਕੀਤਾ ਹੈ।
ਦੱਸ ਦਈਏ ਕਿ ਕੱਲ੍ਹ ਸ਼ਾਮ ਤੋਂ ਇੱਕ ਵੀਡੀਓ ਸ਼ੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਸ਼ਰੇਆਮ ਇੱਕ ਵਿਅਕਤੀ ਨਸ਼ਾ ਵੇਚ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਦੇਰ ਰਾਤ ਤੱਕ ਚੱਲੀ ਕਾਰਵਾਈ ਦੌਰਾਨ ਸੰਜੇ ਨਗਰ ਬਸਤੀ ਫਰੀਦਕੋਟ ਤੋਂ 7 ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਹੈ। ਇਨ੍ਹਾਂ ਕੋਲੋਂ 300 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ।
ਫਰੀਦਕੋਟ ਦੇ ਐਸਐਸਪੀ ਮੈਡਮ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਕਾਫੀ ਪੁਰਾਣੀ ਹੈ ਪਰ ਇਸ ਸਬੰਧੀ ਸਾਡੇ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਤੇ ਆਪਣੇ ਸੂਤਰਾਂ ਮੁਤਾਬਕ ਦੇਰ ਰਾਤ ਤੱਕ ਰੇਡ ਕੀਤੀਆਂ ਗਈਆਂ। ਇਸ ਦੌਰਾਨ 7 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਕੋਲੋ 300 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਤੇ ਹੋਰ ਪੁੱਛਗਿੱਛ ਕੀਤੀ ਜਵੇਗੀ ਕੇ ਇਨ੍ਹਾਂ ਵੱਲੋਂ ਕਿਥੋਂ ਨਸ਼ੀਲਾ ਸਮਾਨ ਲਿਆ ਕੇ ਅੱਗੇ ਵੇਚਿਆ ਜਾ ਰਿਹਾ ਹੈ।
ਇਹ ਵੀਡੀਓ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਜਾਰੀ ਕੀਤਾ ਹੈ। ਰੇਲਵੇ ਲਾਈਨ 'ਤੇ ਬੈਠੇ ਕੁਝ ਨਸ਼ਾ ਤਸਕਰਾਂ ਦੀ ਇਹ ਵੀਡੀਓ ਅੱਜ ਸਵੇਰ ਤੋਂ ਹੀ ਵਾਇਰਲ ਹੋ ਰਿਹਾ ਹੈ। ਹੁਣ ਨਵਜੋਤ ਸਿੱਧੂ ਨੇ ਇਸ ਵੀਡੀਓ ਨੂੰ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਸਵਾਲ ਖੜ੍ਹੇ ਕੀਤੇ ਹਨ।
ਸਿੱਧੂ ਨੇ ਟਵੀਟ 'ਚ ਕਿਹਾ ਕਿ ਇਹ ਵੀਡੀਓ ਫਰੀਦਕੋਟ ਨੇੜੇ ਕਿਸੇ ਥਾਂ ਦੀ ਹੈ। ਨਸ਼ੇ ਨੂੰ ਖਤਮ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਪੁਲਿਸ ਨੂੰ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਹਨ। ਇਸ ਦੇ ਬਾਵਜੂਦ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਬੁੱਧਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਨੌਜਵਾਨ ਰੇਲਵੇ ਲਾਈਨਾਂ 'ਤੇ ਬੈਠੇ ਨੌਜਵਾਨਾਂ, ਨਾਬਾਲਗ ਬੱਚਿਆਂ ਤੇ ਔਰਤਾਂ ਨੂੰ ਖੁੱਲ੍ਹੇਆਮ ਨਸ਼ਾ ਵੇਚ ਰਿਹਾ ਹੈ।