Punjab News: ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੇ ਖਿਲਾਫ਼ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਐੱਸਜੀਪੀਸੀ (SGPC) ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਧਾਮੀ ਨੇ ਸ਼੍ਰੋਮਣੀ ਕਮੇਟੀ (ਦੇ ਅਹੁਦੇ) ਦਾ ਨਿਰਾਦਰ ਕੀਤਾ ਹੈ, ਜਿਸ ਲਈ ਉਸ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾ ਸਕਦਾ। ਦੱਸ ਦਈਏ ਪੰਜਾਬ ਰਾਜ ਮਹਿਲਾ ਕਮਿਸ਼ਨ (Punjab State Commission for Women) ਨੇ ਬੀਬੀ ਜਗੀਰ ਕੌਰ ਦਾ ਪੱਖ ਸੁਣਨ ਲਈ ਅੱਜ ਉਨ੍ਹਾਂ ਨੂੰ ਬੁਲਾਇਆ ਸੀ। 


ਹੋਰ ਪੜ੍ਹੋ : ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ



ਕਾਨੂੰਨੀ ਸਲਾਹ ਮਸ਼ਵਰਾ ਲੈਣ ਮਗਰੋਂ ਹੋਏਗੀ ਕਾਰਵਾਈ


ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਹ ਕਾਨੂੰਨੀ ਸਲਾਹ ਮਸ਼ਵਰਾ ਲੈਣ ਮਗਰੋਂ ਇਸ ਮਾਮਲੇ ਵਿਚ ਲੋੜੀਂਦੀ ਬਣਦੀ ਕਾਰਵਾਈ ਕਰਨਗੇ। ਕਾਬਿਲੇਗੌਰ ਹੈ ਕਿ ਧਾਮੀ ਨੇ ਇਕ ਪੱਤਰਕਾਰ ਨਾਲ ਟੈਲੀਫੋਨ ਉੱਤੇ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਬਾਰੇ ਕਥਿਤ ਮਾੜਾ ਚੰਗਾ ਬੋਲਿਆ ਸੀ।


ਬੀਬੀ ਜਗੀਰ ਕੌਰ ਨੇ ਅੱਜ ਕਮਿਸ਼ਨ ਅੱਗੇ ਪੇਸ਼ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਖਿਲਾਫ਼ ਬੋਲੇ ਅਪਸ਼ਬਦਾਂ ਲਈ ਧਾਮੀ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ''ਧਾਮੀ, ਜੋ ਸ਼ਾਨਾਮੱਤੀ ਇਤਿਹਾਸ ਵਾਲੇ ਇਕ ਅਹੁਦੇ ’ਤੇ ਬੈਠੇ ਹਨ, ਦੀਆਂ ਇਨ੍ਹਾਂ ਟਿੱਪਣੀਆਂ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ''।


 



ਉਨ੍ਹਾਂ ਕਿਹਾ, ‘‘ਜੇ ਕੋਈ ਵਿਅਕਤੀ ਜੋ ਖ਼ੁਦ ਨੂੰ ਬੁੱਧੀਮਾਨ ਅਖਵਾਉਂਦਾ ਹੈ ਅਤੇ ਅਜਿਹੀ ਕੁਰਸੀ ’ਤੇ ਬੈਠਾ ਹੈ, ਜਿਸ ਦਾ ਗੌਰਵਮਈ ਇਤਿਹਾਸ ਹੈ, ਅਤੇ ਅਜਿਹੀ ਭਾਸ਼ਾ ਬੋਲਦਾ ਹੈ, ਤਾਂ ਮਨੁੱਖਤਾ ਅਤੇ ਸਿੱਖ ਕੌਮ ਨੂੰ ਕਿੰਨਾ ਦੁੱਖ ਪਹੁੰਚਿਆ ਹੋਵੇਗਾ। ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਇਹ ਬਹੁਤ ਵੱਡਾ ਨਿਰਾਦਰ ਹੈ। ਮੈਨੂੰ ਬਹੁਤ ਦੁੱਖ ਹੈ ਕਿ ਅਹੁਦੇ (SGPC ਪ੍ਰਧਾਨ ਦੇ ਅਹੁਦੇ) ਦਾ ਅਪਮਾਨ ਹੋਇਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਪਮਾਨਜਨਕ ਟਿੱਪਣੀ ਕਰਨ ਬਦਲੇ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਇਆ ਹੈ। ਬੀਬੀ ਜਗੀਰ ਕੌਰ ਨੇ ਧਾਮੀ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ, ‘‘ਮੈਂ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਮੁਤਾਬਕ ਕਾਰਵਾਈ ਕਰੇ। ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਉਹ ਕਾਨੂੰਨੀ ਕਾਰਵਾਈ ਕਰਨਗੇ।’’ ਦੱਸ ਦਈਏ ਧਾਮੀ ਆਪਣੀਆਂ ਇਨ੍ਹਾਂ ਟਿੱਪਣੀਆਂ ਲਈ ਲਿਖਤੀ ਮੁਆਫ਼ੀ ਮੰਗ ਚੁੱਕੇ ਹਨ। ਉਨ੍ਹਾਂ ਸੋਮਵਾਰ ਨੂੰ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਸੀ।