Punjab News: ਪੰਜਾਬ 'ਚ ਮਾਈਨਿੰਗ ਮਾਫੀਆ 'ਤੇ ਸ਼ਿਕੰਜਾ ਕੱਸਣ ਲਈ ਭਗਵੰਤ ਮਾਨ ਸਰਕਾਰ ਵੱਡੀਆਂ ਤਿਆਰੀਆਂ ਕਰ ਰਹੀ ਹੈ। ਸਰਕਾਰ ਨਵੀਂ ਮਾਈਨਿੰਗ ਨੀਤੀ ਬਣਾਉਣ ਜਾ ਰਹੀ ਹੈ ਜਿਸ ਰਾਹੀਂ ਨਾਜਾਇਜ਼ ਮਾਈਨਿੰਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਈਨਿੰਗ ਵਾਲੀਆਂ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਏ ਜਾਣਗੇ। ਨਾਲ ਹੀ ਡਰੋਨ ਰਾਹੀਂ ਇਲਾਕੇ ਦੀ ਨਿਗਰਾਨੀ ਕੀਤੀ ਜਾਵੇਗੀ।

ਦਰਅਸਲ ਚੰਡੀਗੜ੍ਹ 'ਚ ਰੇਤ ਮਾਫੀਆ ਨੂੰ ਖਤਮ ਕਰਨ ਲਈ ਸੀਐਮ ਭਗਵੰਤ ਨੇ ਮੰਤਰੀ ਸਮੇਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਸਾਡਾ ਉਦੇਸ਼ ਰੇਤ ਮਾਫੀਆ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਭਗਵੰਤ ਮਾਨ ਨੇ ਮੰਤਰੀ ਹਰਜੋਤ ਬੈਂਸ ਨੂੰ ਰੇਤ ਦੀ ਹਰ ਮਾਈਨਿੰਗ ਵਾਲੀ ਥਾਂ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਹਰਜੋਤ ਨੇ ਮੀਡੀਆ ਸੂਤਰਾਂ ਨੂੰ ਦੱਸਿਆ ਕਿ ਉਹ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਨਵੀਆਂ ਤਕਨੀਕਾਂ ਲੈ ਕੇ ਆ ਰਹੇ ਹਨ।

6 ਮਹੀਨਿਆਂ 'ਚ ਆ ਸਕਦੀ ਹੈ ਮਾਈਨਿੰਗ ਪਾਲਸੀ
ਸਰਕਾਰ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਨਵੀਂ ਨੀਤੀ ਨਾਲ ਰੇਤ ਮਾਫੀਆ 'ਤੇ ਸ਼ਿਕੰਜਾ ਕੱਸਿਆ ਜਾਵੇਗਾ ਤੇ ਆਉਣ ਵਾਲੇ ਦਿਨਾਂ 'ਚ ਰੇਤ ਦੀਆਂ ਕੀਮਤਾਂ ਵੀ ਹੇਠਾਂ ਆ ਜਾਣਗੀਆਂ। ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਮਾਈਨਿੰਗ ਨੀਤੀ ਅਗਲੇ 6 ਮਹੀਨਿਆਂ 'ਚ ਆ ਸਕਦੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਨਹੀਂ ਹੋਣੀ ਚਾਹੀਦੀ। ਇਸ ਨਾਲ ਹੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਜਾਇਜ਼ ਥਾਵਾਂ ਦੀ ਨਿਸ਼ਾਨਦੇਹੀ ਕਰਨ ਵਾਲੇ ਝੰਡੇ ਲਗਾਉਣ ਤਾਂ ਜੋ ਉਨ੍ਹਾਂ ਦੀ ਪਛਾਣ ਆਸਾਨੀ ਨਾਲ ਕੀਤੀ ਜਾ ਸਕੇ।

ਇਹ ਵੀ ਪੜ੍ਹੋ


'ਆਪ' ਸਰਕਾਰ ਨੇ ਪ੍ਰਾਈਵੇਟ ਸਕੂਲਾਂ 'ਤੇ ਕੱਸਿਆ ਸ਼ਿਕੰਜਾ! ਫੀਸਾਂ ਦੇ ਰਿਕਾਰਡ ਜ਼ਬਤ ਕਰਨ ਲਈ ਬਣੀਆਂ ਟੀਮਾਂ