Punjab News: ਨਸ਼ਾ ਮੁਕਤ ਪੰਜਾਬ ਸਿਰਜਣ ਲਈ ਪਟਿਆਲਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਯੰਗ ਪ੍ਰੋਗੈਸਿਵ ਸਿੱਖ ਫੋਰਮ ਦੇ ਸਹਿਯੋਗ ਨਾਲ ਇੱਥੇ ਨਸ਼ਾ ਮੁਕਤ ਪੰਜਾਬ ਰੈਲੀ ਕੱਢੀ। 


ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਸ਼ਿਆਂ ਵਿਰੁੱਧ ਸਖਤ ਤੇ ਸਪੱਸ਼ਟ ਸੁਨੇਹਾ ਦਿੰਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਅਤੇ ਨਸ਼ਿਆਂ ਦੇ ਕਾਲੇ ਕਾਰੋਬਾਰ ਚਲਾਉਣ ਵਾਲਿਆਂ ਦੀਆਂ ਜਮਾਨਤਾਂ ਕਰਵਾਉਣ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ, ਇਸ ਲਈ ਕਿਸੇ ਵੀ ਸਿਆਸੀ ਵਿਅਕਤੀ ਵੱਲੋਂ ਕਿਸੇ ਨਸ਼ਾ ਤਸਕਰ ਦੀ ਸਿਫ਼ਾਰਸ਼ ਕਰਨ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ।


ਚੇਤਨ ਸਿੰਘ ਜੌੜਾਮਾਜਰਾ ਨੇ ਬੱਚਿਆਂ ਦੇ ਮਾਪਿਆਂ ਅਤੇ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਟੀਨ ਏਜ ਵਿੱਚ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਕਿ ਉਹ ਕਿਸੇ ਗ਼ਲਤ ਸੰਗਤ 'ਚ ਪੈਕੇ ਨਸ਼ਿਆਂ ਦੀ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਇਹ ਯੰਗ ਪ੍ਰੋਗੈਸਿਵ ਫੋਰਮ ਦੇ ਸਹਿਯੋਗ ਨਾਲ ਕੀਤਾ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਦਾ ਇਹ ਸਾਂਝਾ ਉਪਰਾਲਾ ਸ਼ਲਾਘਾਯੋਗ ਹੈ। 


ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਬਣਾਉਣਾ ਸਾਡਾ ਮਿਸ਼ਨ ਹੈ ਪਰੰਤੂ ਇਸ ਨੂੰ ਕਾਮਯਾਬ ਕਰਨ ਲਈ ਪੁਲਿਸ ਨੂੰ ਲੋਕਾਂ ਦਾ ਸਹਿਯੋਗ ਜਰੂਰ ਮਿਲਣਾ ਚਾਹੀਦਾ ਹੈ। ਛੀਨਾ ਨੇ ਕਿਹਾ ਕਿ ਪੰਜਾਬ, ਗੁਰੂਆਂ, ਪੀਰਾਂ, ਸੂਰਬੀਰਾਂ ਤੇ ਯੋਧਿਆਂ ਦੀ ਧਰਤੀ ਹੈ, ਇਸ ਲਈ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਨਹੀਂ ਬਣਨ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਜਾਗਰੂਕਤਾ ਨੂੰ ਅੱਗੇ ਵਧਾਇਆ ਜਾਵੇਗਾ ਤਾਂ ਕਿ ਕੋਈ ਵੀ ਨੌਜਵਾਨ, ਵਿਦਿਆਰਥੀ ਜਾਂ ਬੱਚਾ ਕਿਸੇ ਭੈੜੀ ਸੰਗਤ ਕਰਕੇ ਨਸ਼ਿਆਂ ਦਾ ਸ਼ਿਕਾਰ ਨਾ ਬਣ ਜਾਵੇ। ਡੀ.ਸੀ. ਨੇ ਕਿਹਾ ਕਿ ਨਸ਼ਿਆਂ ਤੋਂ ਬਚਣ ਲਈ ਸਾਕੇਤ ਨਸ਼ਾ ਮੁਕਤੀ ਕੇਂਦਰ ਵਿਖੇ ਸ਼ੁਰੂ ਕੀਤੀ ਗਈ 24 ਘੰਟੇ ਕਾਰਜਸ਼ੀਲ ਰਹਿਣ ਵਾਲੀ ਇਸ 'ਸਹਿਯੋਗੀ ਹੈਲਪਲਾਈਨ 0175-2213385' ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। 


ਕਰੀਬ 6 ਕਿਲੋਮੀਟਰ ਰਸਤਾ ਪੈਦਲ ਤੈਅ ਕਰਕੇ ਸਮਾਪਤ ਹੋਈ ਇਸ ਰੈਲੀ ਵਿੱਚ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਪਟਿਆਲਵੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦੇ ਹੋਏ ਨਸ਼ਿਆਂ ਵਿਰੁੱਧ ਸਹੁੰ ਵੀ ਚੁੱਕੀ।