ਚੰਡੀਗੜ੍ਹ :
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ 'ਚ ਹੁਣ ਵੱਡੀ ਗੈਂਗ ਵਾਰ ਦਾ ਖਤਰਾ ਵੱਧ ਗਿਆ ਹੈ। ਜੇਲ੍ਹਾਂ ਵਿੱਚ ਵੀ ਖੂਨ-ਖਰਾਬਾ ਹੋਇਆ ਹੈ। ਗੈਂਗਸਟਰ ਇੰਟਰਨੈੱਟ ਮੀਡੀਆ 'ਤੇ ਇਕ-ਦੂਜੇ ਨੂੰ ਧਮਕੀਆਂ ਦੇ ਰਹੇ ਹਨ। ਗੈਂਗਸਟਰ ਗੈਂਗ ਪੰਜਾਬ ਵਿੱਚ ਕਿਸੇ ਵੀ ਸਮੇਂ ਕੋਈ ਵੱਡੀ ਵਾਰਦਾਤ ਕਰ ਸਕਦੇ ਹਨ। ਇਨ੍ਹਾਂ ਖਦਸ਼ਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅੱਜ ਵੱਡਾ ਕਦਮ ਚੁੱਕਿਆ ਹੈ।

 

ਪੰਜਾਬ ਸਰਕਾਰ ਨੇ ਜੇਲ੍ਹਾਂ ਦੀ ਕਮਾਨ ਹੁਣ ਆਈਪੀਐਸ ਅਧਿਕਾਰੀ ਹਰਪ੍ਰੀਤ ਸਿੱਧੂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਨੂੰ ਏਡੀਜੀਪੀ ਜੇਲ੍ਹ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਰਪ੍ਰੀਤ ਸਿੱਧੂ ਕੋਲ ਨਸ਼ਾ ਵਿਰੋਧੀ ਐਸਟੀਐਫ ਦੀ ਕਮਾਨ ਵੀ ਹੋਵੇਗੀ। ਉਨ੍ਹਾਂ ਨੂੰ ਪੰਜਾਬ ਵਿੱਚ ਸਭ ਤੋਂ ਇਮਾਨਦਾਰ ਅਕਸ ਵਾਲਾ ਪੁਲਿਸ ਅਫਸਰ ਮੰਨਿਆ ਜਾਂਦਾ ਹੈ। ਸਿੱਧੂ ਏਡੀਜੀਪੀ ਵਰਿੰਦਰ ਕੁਮਾਰ ਦੀ ਥਾਂ ਲੈਣਗੇ, ਜੋ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਵਜੋਂ ਤਾਇਨਾਤ ਸਨ। 

 

ਹੁਣ ਭਗਵੰਤ ਮਾਨ ਦੀ ਸਰਕਾਰ ਜੇਲ੍ਹਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਜੋ ਉਥੋਂ ਚੱਲ ਰਹੇ ਗੈਂਗਸਟਰਾਂ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਸਕੇ। ਸੂਤਰਾਂ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੱਧੂ ਨੂੰ ਇਸ ਅਹੁਦੇ ਲਈ ਵਿਸ਼ੇਸ਼ ਤੌਰ 'ਤੇ ਚੁਣਿਆ ਗਿਆ ਹੈ। ਇਹ ਫੈਸਲਾ ਗੈਂਗ ਵਾਰ ਦੀਆਂ ਘਟਨਾਵਾਂ ਅਤੇ ਜੇਲ੍ਹਾਂ ਵਿੱਚ ਮੋਬਾਈਲ ਮਿਲਣ ਤੋਂ ਬਾਅਦ ਲਿਆ ਗਿਆ ਹੈ।

 

ਦਰਅਸਲ 29 ਮਈ ਦਿਨ ਐਤਵਾਰ ਨੂੰ ਪੰਜਾਬ 'ਚ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਬਾਰੀ 'ਚ ਕਤਲ ਕਰ ਦਿੱਤਾ ਗਿਆ ਸੀ। ਜਦੋਂ ਉਹ ਆਪਣੀ ਮਹਿੰਦਰਾ ਥਾਰ ਕਾਰ ਵਿੱਚ ਕਿਤੇ ਜਾ ਰਹੇ ਸਨ ਤਾਂ 7 ਤੋਂ 8 ਬਦਮਾਸ਼ਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਦੋਂ ਕਾਰ ਵਿੱਚ ਮੂਸੇਵਾਲਾ ਦੇ ਨਾਲ ਉਸਦੇ ਦੋ ਦੋਸਤ ਵੀ ਮੌਜੂਦ ਸਨ। ਜੋ ਗੋਲੀਬਾਰੀ 'ਚ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਜੇਲ 'ਚ ਹੀ ਰਚੀ ਗਈ ਸੀ। ਇਸ ਮਾਮਲੇ 'ਚ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਨਾਂ ਸਾਹਮਣੇ ਆਇਆ ਹੈ।

 

ਲਾਰੈਂਸ ਬਿਸ਼ਨੋਈ ਨੇ ਕਬੂਲੀ ਕਤਲ ਦੀ ਗੱਲ
  


ਮੂਸੇਵਾਲਾ ਕਤਲ ਕਾਂਡ ਵਿੱਚ ਲਾਰੇਂਸ ਬਿਸ਼ਨੋਈ ਗੈਂਗ ਦਾ ਨਾਮ ਸਾਹਮਣੇ ਆਇਆ ਹੈ। ਇਸ ਗੈਂਗ ਨਾਲ ਕਰੀਬੀ ਸਬੰਧ ਰੱਖਣ ਵਾਲੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਪਾ ਕੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਿਹਾ ਹੈ ਕਿ ਮੂਸੇਵਾਲਾ ਨੂੰ ਗੈਂਗਸਟਰ ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਲਾਰੇਂਸ ਬਿਸ਼ਨੋਈ ਨੇ ਵੀ ਦਿੱਲੀ ਪੁਲਿਸ ਦੇ ਸਾਹਮਣੇ ਕਤਲ ਦੀ ਗੱਲ ਕਬੂਲ ਕਰ ਲਈ ਹੈ। ਉਸਨੇ ਕਿਹਾ ਹੈ ਕਿ ਮੂਸੇਵਾਲਾ ਨੂੰ ਮੈਂ ਮਾਰਿਆ ਹੈ।