ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਹਨ। ਲਗਭਗ ਡੇਢ ਲੱਖ ਏਕੜ ਵਿੱਚ ਝੋਨਾ, ਗੰਨਾ ਅਤੇ ਮੱਕੀ ਦੀ ਫਸਲ ਡੁੱਬ ਚੁੱਕੀ ਹੈ। ਤਬਾਹੀ ਦਾ ਇਹ ਮੰਜ਼ਰ 37 ਸਾਲ ਬਾਅਦ ਵੇਖਣ ਨੂੰ ਮਿਲਿਆ ਹੈ। ਇਸ ਤੋਂ ਪਹਿਲਾਂ 1988 ਵਿੱਚ ਅਜਿਹੇ ਹਾਲਾਤ ਬਣੇ ਸਨ।
ਰਣਜੀਤ ਸਾਗਰ ਅਤੇ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਬਾਰਡਰ ਵਾਲੇ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਦੇ 150 ਪਿੰਡਾਂ ਵਿੱਚ ਘਰਾਂ ਤੱਕ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ। ਤਰਨਤਾਰਨ ਦੇ ਅਜਨਾਲਾ ਵਿੱਚ ਬੀਐਸਐਫ ਦੀਆਂ ਚੌਕੀਆਂ ਵੀ ਪਾਣੀ ਵਿੱਚ ਡੁੱਬ ਗਈਆਂ ਹਨ। ਇੱਥੇ 360 ਜਵਾਨ ਫਸੇ ਹੋਏ ਹਨ। ਪਿੰਡਾਂ ਵਿੱਚ 5 ਤੋਂ 10 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਅਤੇ ਬੱਚੇ ਡਰੇ ਹੋਏ ਹਨ।
ਖੇਤਾਂ ਵਿੱਚ ਕਿਸਾਨਾਂ ਵੱਲੋਂ ਮੋਟਰਾਂ ਲਈ ਬਣਾਏ ਕਮਰੇ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ ਅਤੇ ਸਿਰਫ਼ ਛੱਤਾਂ ਹੀ ਨਜ਼ਰ ਆ ਰਹੀਆਂ ਹਨ। ਪਸ਼ੂ ਲਗਭਗ 5 ਫੁੱਟ ਤੱਕ ਪਾਣੀ ਵਿੱਚ ਖੜੇ ਹਨ। 50 ਤੋਂ ਵੱਧ ਬਾਰਡਰ ਪਿੰਡ ਅਜਿਹੇ ਹਨ ਜਿੱਥੇ ਅਜੇ ਤੱਕ ਰਾਹਤ ਸਮੱਗਰੀ ਨਹੀਂ ਪਹੁੰਚੀ।
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਦੀ ਸਰਹੱਦ ‘ਤੇ ਵੱਸਦੇ ਲੋਕ ਕਹਿੰਦੇ ਹਨ ਕਿ ਅਜਿਹਾ ਮੰਜ਼ਰ ਤਾਂ 1988 ਦੀ ਹੜ੍ਹ ਵਿੱਚ ਵੀ ਨਹੀਂ ਸੀ। 2023 ਵਿੱਚ ਵੀ ਇਨ੍ਹਾਂ ਪਿੰਡਾਂ ਦੀ ਡੇਢ ਲੱਖ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਸੀ। ਤਦ ਅਤੇ ਹੁਣ ਵਿੱਚ ਫਰਕ ਸਿਰਫ਼ ਇੰਨਾ ਹੈ ਕਿ ਉਸ ਵੇਲੇ ਪਾਣੀ ਹੌਲੀ-ਹੌਲੀ ਵਧਿਆ ਸੀ, ਪਰ ਇਸ ਵਾਰ ਅਚਾਨਕ ਹੀ ਪਾਣੀ ਚੜ੍ਹ ਗਿਆ ਹੈ।
BSF ਦੀ ਸ਼ਾਹਪੁਰ ਚੌਕੀ ਹੜ੍ਹ ਦੀ ਚਪੇਟ ਵਿੱਚ
ਅੰਮ੍ਰਿਤਸਰ-ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਅਜਨਾਲਾ ਹਲਕੇ ਵਿੱਚ ਬਣੀਆਂ ਚੌਕੀਆਂ ਵਿੱਚ ਲਗਭਗ 360 ਬੀਐਸਐਫ ਜਵਾਨ ਫਸੇ ਹੋਏ ਹਨ। ਇਨ੍ਹਾਂ ਨੂੰ ਤੁਰੰਤ ਰੈਸਕਿਊ ਕਰਨ ਦੀ ਲੋੜ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਸੀਐਮ ਭਗਵੰਤ ਮਾਨ ਤੋਂ ਤੁਰੰਤ ਦਖ਼ਲ ਦੇਣ ਅਤੇ ਰੈਸਕਿਊ ਓਪਰੇਸ਼ਨ ਤੇਜ਼ ਕਰਨ ਦੀ ਮੰਗ ਕੀਤੀ ਹੈ।
ਪੰਜਾਬ ਲਈ ਅਗਲੇ ਤਿੰਨ ਦਿਨ ਚਿੰਤਾਜਨਕ ਬਣੇ ਹੋਏ ਹਨ। ਮੌਸਮ ਵਿਗਿਆਨ ਕੇਂਦਰ (IMD) ਮੁਤਾਬਕ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ 1 ਸਤੰਬਰ ਤੱਕ ਭਾਰੀ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਰਣਜੀਤ ਸਾਗਰ ਡੈਮ ਅਤੇ ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹਨ, ਜਦਕਿ ਭਾਖੜਾ ਡੈਮ ਵੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਾ ਹੈ।
ਭਾਖੜਾ ਡੈਮ ਦੀ ਪੂਰੀ ਸਮਰੱਥਾ 1685 ਫੁੱਟ ਹੈ, ਜਦਕਿ 28 ਅਗਸਤ ਸਵੇਰੇ ਤੱਕ ਇਸ ਵਿੱਚ ਜਲ ਭਰਾਵ 1671.9 ਫੁੱਟ ਦਰਜ ਕੀਤਾ ਗਿਆ, ਜੋ ਕੁੱਲ ਸਮਰੱਥਾ ਦਾ 91.18 ਫ਼ੀਸਦੀ ਹੈ। ਜੇਕਰ ਭਾਖੜਾ ਡੈਮ ਨੇ ਵੀ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਤਾਂ ਸਤਲੁਜ ਦਰਿਆ ਦੇ ਨੇੜਲੇ ਜ਼ਿਲ੍ਹੇ ਵੀ ਹੜ੍ਹ ਦੀ ਚਪੇਟ ਵਿੱਚ ਆ ਜਾਣਗੇ।