ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ’ਚ ਹੋਏ ਵਿਰੋਧ ਨੇ ਸਿਆਸੀ ਲੀਡਰਾਂ ਦਾ ਫਿਕਰ ਵਧਾ ਦਿੱਤਾ ਹੈ। ਅਹਿਮ ਗੱਲ ਹੈ ਕਿ ਸੁਖਬੀਰ ਬਾਦਲ ਦਾ ਵਿਰੋਧ ਉਸ ਵੇਲੇ ਹੋਇਆ ਜਦੋਂ ਉਹ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਸੀ। ਇਹ ਉਹ ਪਵਿੱਤਰ ਦਿਹਾੜਾ ਹੁੰਦਾ ਹੈ ਜਦੋਂ ਹਰ ਸਿੱਖ ਬੇਹੱਦ ਭਾਵੁਕ ਅਵਸਥਾ ਵਿੱਚੋਂ ਲੰਘ ਰਿਹਾ ਹੁੰਦਾ ਹੈ। ਅਜਿਹੇ ਸਮੇਂ ਪੰਥਕ ਧਿਰ ਅਖਵਾਉਣ ਵਾਲੀ ਪਾਰਟੀ ਦੇ ਮੁਖੀ ਦਾ ਵਿਰੋਧ ਵੱਡੇ ਅਰਥ ਰੱਖਦਾ ਹੈ।
ਦੂਜੇ ਪਾਸੇ ਬੇਸ਼ੱਕ ਅਕਾਲੀ ਲੀਡਰ ਇਸ ਨੂੰ ਕਾਂਗਰਸ ਦੀ ਸ਼ਰਾਰਤ ਕਰਾਰ ਦੇ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਇਹ ਸਭ ਕਿਸਾਨ ਅੰਦੋਲਨ ਕਰਕੇ ਪੰਜਾਬ ਅੰਦਰ ਪੈਦਾ ਹੋਈ ਸਿਆਸੀ ਚੇਤਨਾ ਦਾ ਨਤੀਜਾ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਗਲੇ ਸਮੇਂ ਵਿੱਚ ਅਜਿਹੇ ਵਿਰੋਧ ਅਕਾਲੀ ਦਲ, ਬੀਜੇਪੀ ਦੇ ਨਾਲ ਹੀ ਕਾਂਗਰਸੀ ਲੀਡਰਾਂ ਦੇ ਵੀ ਹੋਣ।
ਦਰਅਸਲ ਕਿਸਾਨ ਅੰਦੋਲਨ ਨੇ ਪੰਜਾਬ ਦੀ ਨੌਜਵਾਨੀ 'ਚ ਜਿੱਥੇ ਜੋਸ਼ ਭਰਿਆ ਹੈ, ਉੱਥੇ ਸਿਆਸੀ ਚੇਤਨਾ ਵੀ ਪੈਦਾ ਕੀਤੀ ਹੈ। ਸੋਸ਼ਲ ਮੀਡੀਆ ਉੱਪਰ ਨੌਜਵਾਨ ਹੁਣ ਵੱਖਰੀ ਕਿਸਾਮ ਦੀ ਸਿਆਸੀ ਚਰਚਾ ਕਰਨ ਲੱਗੇ ਹਨ। ਇਸ ਚਰਚਾ ਵਿੱਚ ਮੌਜੂਦਾ ਸਿਆਸੀ ਧਿਰਾਂ ਨੂੰ ਕੋਈ ਥਾਂ ਮਿਲਦੀ ਦਿਖਾਈ ਨਹੀਂ ਦੇ ਰਹੀ। ਇਹੋ ਕਾਰਨ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੁਣ ਕੋਈ ਵੀ ਸਿਆਸੀ ਪਾਰਟੀ ਉਨ੍ਹਾਂ ਦੇ ਵਿਚਾਰਾਂ ਦੇ ਹਾਣ ਦੀ ਨਹੀਂ ਲੱਗ ਰਹੀ।
ਅਹਿਮ ਗੱਲ ਹੈ ਕਿ ਬੀਜੇਪੀ ਤੋਂ ਬਾਅਦ ਸਭ ਤੋਂ ਵੱਧ ਗੁੱਸਾ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਪ੍ਰਤੀ ਹੀ ਹੈ। ਪੰਜਾਬ ਦੇ ਕਿਸਾਨ ਇਹ ਮੰਨਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੰਨੇ ਸਾਲ ਬੀਜੇਪੀ ਨਾਲ ਭਾਈਵਾਲੀ ਰੱਖ ਕੇ ਪੰਜਾਬ ਦਾ ਬੇਹੱਦ ਨੁਕਸਾਨ ਕੀਤਾ ਹੈ। ਹੁਣ ਮਜਬੂਰੀ ਵੱਸ ਹੀ ਅਕਾਲੀ ਦਲ ਨੇ ਐਨਡੀਏ ਦਾ ਸਾਥ ਛੱਡਿਆ ਹੈ। ਇਹੋ ਕਾਰਨ ਹੈ ਕਿ ਅੱਜ ਅਕਾਲੀ ਦਲ ਦਾ ਕੇਡਰ ਦਿੱਲੀ ਬਾਰਡਰ ਉੱਪਰ ਡਟਿਆ ਹੋਇਆ ਹੈ ਪਰ ਲੀਡਰਸ਼ਿਪ ਕਿਧਰੇ ਨਜ਼ਰ ਨਹੀਂ ਆ ਰਹੀ।
ਦੂਜੇ ਪਾਸੇ ਬੇਸ਼ੱਕ ਕਾਂਗਰਸ ਨੇ ਕਿਸਾਨ ਹਿਤੈਸ਼ੀ ਹੋਣ ਦੀ ਕੋਸ਼ਿਸ਼ ਕੀਤੀ ਹੈ ਪਰ ਪਿਛਲੇ ਸਮੇਂ ਵਿੱਚ ਲਏ ਗਏ ਕਈ ਫੈਸਲੇ ਪਾਰਟੀ ਦੀ ਦਿਆਨਤਦਾਰੀ ਉੱਪਰ ਸਵਾਲ ਖੜ੍ਹੇ ਕਰਦੇ ਹਨ। ਇਸ ਤੋਂ ਇਲਾਵਾ ਕਾਂਗਰਸੀ ਲੀਡਰਾਂ ਦੇ ਕਿਸਾਨ ਅੰਦੋਲਨ ਬਾਰੇ ਵੱਖ-ਵੱਖ ਬਿਆਨ ਵੀ ਨੌਜਵਾਨਾਂ ਵਿੱਚ ਰੋਹ ਪੈਦਾ ਕਰ ਰਹੇ ਹਨ। ਇਸ ਤੋਂ ਇਲਾਵਾ ਕੌਮੀ ਪੱਧਰ ਉੱਪਰ ਕਾਂਗਰਸ ਕਿਸਾਨ ਅੰਦੋਲਨ ਬਾਰੇ ਦੋਚਿੱਤੀ ਵਿੱਚ ਹੀ ਰਹੀ ਹੈ। ਪੰਜਾਬ ਤੇ ਹਰਿਆਣਾ ਨੂੰ ਛੱਡ ਹੋਰ ਕਿਸੇ ਸੂਬੇ ਵਿੱਚ ਵੀ ਕਾਂਗਰਸ ਨੇ ਖੁੱਲ੍ਹ ਕੇ ਕਿਸਾਨ ਅੰਦੋਲਨ ਦੀ ਹਮਾਇਤ ਨਹੀਂ ਕੀਤੀ।
ਆਖਰ ਕਿਨ੍ਹਾਂ ਨੇ ਕੀਤਾ ਸੁਖਬੀਰ ਬਾਦਲ ਦਾ ਵਿਰੋਧ? ਅਕਾਲੀ ਦਲ ਦੇ ਨਾਲ ਹੀ ਕਾਂਗਰਸੀ ਲੀਡਰ ਵੀ ਫਿਕਰਮੰਦ
ਏਬੀਪੀ ਸਾਂਝਾ
Updated at:
29 Dec 2020 10:23 AM (IST)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ’ਚ ਹੋਏ ਵਿਰੋਧ ਨੇ ਸਿਆਸੀ ਲੀਡਰਾਂ ਦਾ ਫਿਕਰ ਵਧਾ ਦਿੱਤਾ ਹੈ। ਅਹਿਮ ਗੱਲ ਹੈ ਕਿ ਸੁਖਬੀਰ ਬਾਦਲ ਦਾ ਵਿਰੋਧ ਉਸ ਵੇਲੇ ਹੋਇਆ ਜਦੋਂ ਉਹ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਸੀ।
ਪੁਰਾਣੀ ਤਸਵੀਰ
- - - - - - - - - Advertisement - - - - - - - - -