ਚੰਡੀਗੜ੍ਹ: ਨਸ਼ਿਆਂ ਦੇ ਨਾਲ-ਨਾਲ ਪੰਜਾਬੀਆਂ ਨੂੰ ਏਡਜ਼ ਵਰਗੀ ਖਤਰਨਾਕ ਬਿਮਾਰੀ ਵੀ ਤੇਜ਼ੀ ਨਾਲ ਘੇਰ ਰਹੀ ਹੈ। ਸੂਬੇ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੈਰਾਨੀ ਦੀ ਗੱਲ਼ ਹੈ ਕਿ ਕੌਮੀ ਪੱਧਰ ’ਤੇ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਇਸ ਦਾ ਕਾਰਨ ਨਸ਼ਿਆਂ ਨੂੰ ਮੰਨਿਆ ਜਾ ਰਿਹਾ ਹੈ।


ਡਾਕਟਰਾਂ ਦਾ ਕਹਿਣਾ ਹੈ ਕਿ ਨਸ਼ੇੜੀ ਜ਼ਿਆਦਾਤਰ ਇੱਕ ਸਰਿੰਜ ਨਾਲ ਹੀ ਸਰੀਰ ’ਚ ਟੀਕਾ ਲਾਉਂਦੇ ਹਨ, ਉਹੀ ਸੂਈ ਜਦ ਵਾਰ-ਵਾਰ ਵਰਤੀ ਜਾਂਦੀ ਹੈ ਤਾਂ ਏਡਜ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਪੰਜਾਬ ਵਿੱਚ ਇਸ ਸਮੇਂ ਇੱਕ ਲੱਖ ਤੋਂ ਵੱਧ ਏਡਜ਼ ਪੀੜਤ ਦੱਸੇ ਗਏ ਹਨ। ਸੂਬੇ ਦੀਆਂ ਜੇਲ੍ਹਾਂ ਵਿੱਚ ਵੀ ਏਡਜ਼ ਪੀੜਤਾਂ ’ਚ ਵਾਧਾ ਹੋਇਆ ਹੈ। ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਹੀ 400 ਤੋਂ ਵੱਧ ਐਚਆਈਵੀ ਪੀੜਤ ਹਨ। ਸਾਰੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਇਹ ਅੰਕੜਾ 2,700 ਤੋਂ ਵੱਧ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਏਡਜ਼ ਦੇ ਪਹਿਲੇ ਮਰੀਜ਼ ਦੀ ਪਛਾਣ ਮਈ 1987 ਵਿੱਚ ਹੋਈ ਸੀ। ਦਹਾਕੇ ਤੋਂ ਬਾਅਦ 1997 ’ਚ ਇੱਕ ਹਜ਼ਾਰ ਪਿੱਛੇ 59 ਵਿਅਕਤੀਆਂ ਦੇ ਐਚਆਈਵੀ ਪਾਜ਼ੇਟਿਵ ਹੋਣ ਦਾ ਖੁਲਾਸਾ ਹੋਇਆ ਸੀ। ਉਧਰ, ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਐਚਆਈਵੀ ਪੀੜਤ ਮਰੀਜ਼ਾਂ ਦੀ ਗਿਣਤੀ 67 ਹਜ਼ਾਰ ਦੇ ਕਰੀਬ ਹੈ। ਇਨ੍ਹਾਂ ਵਿੱਚੋਂ ਵੀ ਰਿਕਵਰੀ ਦੀ ਦਰ 93 ਫੀਸਦੀ ਆ ਰਹੀ ਹੈ।

ਸਿੱਧੂ ਨੇ ਦਾਅਵਾ ਕੀਤਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਏਡਜ਼ ਉੱਪਰ ਤੇਜ਼ੀ ਨਾਲ ਕਾਬੂ ਪਾਇਆ ਹੈ। ਐਚਆਈਵੀ ਪਾਜ਼ੇਟਿਵ ਮਰੀਜ਼ਾਂ ਦੇ ਟੈਸਟ ਤੇ ਉਨ੍ਹਾਂ ਦੇ ਇਲਾਜ ਲਈ ਦਵਾਈਆਂ ਪੂਰੀ ਤਰ੍ਹਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਦੋ ਟੈਸਟ ਹੁੰਦੇ ਹਨ ਜਿਨ੍ਹਾਂ ’ਚੋਂ ਇੱਕ ਟੈਸਟ 800 ਰੁਪਏ ਤੇ ਇੱਕ 1600 ਰੁਪਏ ਦਾ ਹੈ, ਜਿਹੜਾ ਪੰਜਾਬ ਸਰਕਾਰ ਨੇ ਹੁਣ ਮੁਫ਼ਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜ਼ਾਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ।