Bikram Singh Majithia: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਉੱਪਰ ਸ਼ਿਕੰਜਾ ਕੱਸਿਆ ਜਾਣ ਲੱਗਾ ਹੈ। ਪੰਜਾਬ ਸਰਕਾਰ ਨਸ਼ਾ ਤਸਕਰੀ ਦੇ ਕੇਸ ਦੀ ਜਲਦ ਤੋਂ ਜਲਦ ਜਾਂਚ ਮੁਕੰਮਲ ਕਰਨ ਦੇ ਰੌਂਅ ਵਿੱਚ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਪਟਿਆਲਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਲਾਇਆ ਹੈ ਗਿਆ। ਇਸ ਲਈਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਨਵੀਂ ਐਸਆਈਟੀ ’ਤੇ ਸਵਾਲ ਖੜ੍ਹੇ ਕੀਤੇ ਹਨ।
ਮਜੀਠੀਆ ਨੇ ਦੋਸ਼ ਲਾਇਆ ਕਿ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਸਿਟ ਦਾ ਨਵਾਂ ਮੁਖੀ ਲਾਉਣ ਲਈ ਸੌਦਾ ਹੋਇਆ ਹੈ। ਆਈ ਜੀ ਛੀਨਾ ਨੂੰ ਐਸਆਈਟੀ ਮੁਖੀ ਸਿਰਫ ਇਸ ਕਰਕੇ ਲਗਾਇਆ ਹੈ ਤਾਂ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਕੀਤੇ ਝੂਠੇ ਐਨਡੀਪੀਐਸ ਐਕਟ ਕੇਸ ਵਿੱਚ ਮਨਮਰਜ਼ੀ ਦੇ ਦੋਸ਼ ਲਗਾਉਣ ਵਾਲੀ ਚਾਰਜਸ਼ੀਟ ਦਾਇਰ ਕੀਤੀ ਜਾ ਸਕੇ।
ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਕਰ ਕੇ ਆਈਜੀ ਛੀਨਾ ਦੀ ਚੋਣ ਕੀਤੀ ਹੈ ਕਿਉਂਕਿ ਪਿਛਲੇ ਐਸਆਈਟੀ ਮੁਖੀ ਡੀਆਈਜੀ ਐਸ ਰਾਹੁਲ ਨੇ ਨਸ਼ਿਆਂ ਦੇ ਕੇਸ ਵਿੱਚ ‘ਆਪ’ ਸਰਕਾਰ ਦੀ ਇੱਛਾ ਮੁਤਾਬਕ ਚਲਾਨ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਨਵੀਂ ਨਿਯੁਕਤੀ ਪ੍ਰਸ਼ਾਸਕੀ ਆਧਾਰ ’ਤੇ ਵੀ ਗਲਤ ਹੈ ਕਿਉਂਕਿ ਜੋ ਅਫਸਰ ਸੇਵਾਮੁਕਤ ਹੋਣ ਵਾਲਾ ਹੋਵੇ, ਉਸ ਨੂੰ ਅਹਿਮ ਜਾਂਚ ਦਾ ਚਾਰਜ ਨਹੀਂ ਦਿੱਤਾ ਜਾ ਸਕਦਾ।
ਮਜੀਠੀਆ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਸੀਨੀਅਰ ਅਫਸਰਾਂ ਈਸ਼ਵਰ ਸਿੰਘ, ਨਾਗੇਸ਼ਵਰ ਰਾਓ ਤੇ ਵੀ ਨੀਰਜਾ ਦੀ ਸ਼ਮੂਲੀਅਤ ਵਾਲੀ ਐਸਆਈਟੀ ਨੇ ਅਦਾਲਤ ਵਿਚ ਦਸ ਚਲਾਨ ਪੇਸ਼ ਕੀਤੇ ਪਰ ਕਿਸੇ ਵਿੱਚ ਵੀ ਉਸ ਦਾ (ਮਜੀਠੀਆ) ਦਾ ਨਾਂ ਸ਼ਾਮਲ ਨਹੀਂ। ਉਨ੍ਹਾਂ ਕਿਹਾ ਕਿ ਹੁਣ ਐਸਆਈਟੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਪਿਛਲੇ ਡੇਢ ਸਾਲਾਂ ਤੋਂ ਨਸ਼ਿਆਂ ਦੇ ਕੇਸ ਵਿਚ ਐਸਆਈਟੀ ਚਲਾਨ ਪੇਸ਼ ਨਹੀਂ ਕਰ ਸਕੀ ਹਾਲਾਂਕਿ ਉਸ ’ਤੇ ਉਸ ਨੂੰ ਫਸਾਉਣ ਦਾ ਦਬਾਅ ਸੀ।