ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਮਗਰੋਂ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ। ਵਿਰੋਧੀ ਧਿਰਾਂ ਕਿਸਾਨਾਂ ਨੂੰ ਵਧਾਈ ਦੇ ਰਹੀਆਂ ਹਨ ਤੇ 700 ਕਿਸਾਨਾਂ ਦੀ ਸ਼ਹਾਦਤ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਹਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਕਿਸਾਨਾਂ ਦੀ ਵੱਡੀ ਜਿੱਤ ਦੱਸਿਆ ਹੈ। ਬਾਦਲ ਨੇ ਕਿਹਾ ਹੈ ਕਿ ਇਹ ਕਿਸਾਨਾਂ ਦੇ ਵੱਡੇ ਸੰਘਰਸ਼ ਦੀ ਜਿੱਤ ਹੈ ਤੇ ਇਸੇ ਸੰਘਰਸ਼ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਹੈ। ਵੀਡੀਓ ਜਾਰੀ ਕਰਦਿਆਂ ਬਾਦਲ ਨੇ ਕਿਹਾ ਹੈ ਕਿ ਇਹ ਤਿੰਨੇ ਕਾਲੇ ਕਾਨੂੰਨ ਜ਼ਬਰਦਸਤੀ ਬਣਾਏ ਗਏ ਸਨ। ਹੁਣ ਜਦੋਂ ਸਰਕਾਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਹੈ ਤਾਂ ਉਸ ਨੇ ਇਨ੍ਹਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਸ ਲਈ ਕਿਸਾਨ ਵਧਾਈ ਦੇ ਪਾਤਰ ਹਨ।
ਬਾਦਲ ਨੇ ਇਸ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਦਕਾ ਹੀ ਅੱਜ ਕੇਂਦਰ ਸਰਕਾਰ ਤਿੰਨੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਈ ਹੈ। ਇਸ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲਿਆਂ ਨੂੰ ਇਤਿਹਾਸ ਵਿਚ ਵੱਡੀ ਜਗ੍ਹਾ ਦਿੱਤੀ ਜਾਵੇਗੀ। ਉਨ੍ਹਾਂ ਦੀ ਕੁਰਬਾਨੀ ਨੂੰ ਸਾਰੇ ਪੰਜਾਬੀ, ਕਿਸਾਨ ਤੇ ਸਾਰੀ ਦੁਨੀਆ ਹਮੇਸ਼ਾ ਯਾਦ ਰੱਖੇਗੀ।
ਇਸੇ ਤਰ੍ਹਾਂ ਤਿੰਨ ਖੇਤੀ ਕਾਨੂੰਨ ਰੱਦ ਹੋਣ ਮਗਰੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਗੁਰਪੁਬ ਮੌਕੇ ਸਾਰੇ ਪੰਜਾਬੀਆਂ ਦੀ ਮੰਗ ਪ੍ਰਵਾਨ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ।
ਇਹ ਵੀ ਪੜ੍ਹੋ: Punjab Weather Report: ਪੰਜਾਬ 'ਚ ਅਚਨਚੇਤੀ ਠੰਢ ਨੇ ਦਿੱਤੀ ਦਸਤਕ, ਅੰਮ੍ਰਿਤਸਰ 'ਚ ਵਗ ਰਹੀ 'ਜ਼ਹਿਰੀਲੀ ਹਵਾ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/