ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਉਸਦੇ ਫੈਨਸ ਸਦਮੇ 'ਚ ਹਨ। ਮੁਹਾਲੀ ਦੇ ਪਿੰਡ ਜੰਡਪੁਰ 'ਚ ਸਿੱਧੂ ਮੂਸੇਵਾਲਾ ਦੇ ਇੱਕ ਫੈਨ ਨੇ ਜ਼ਹਿਰੀਲਾ ਪਦਾਰਥ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸਿੱਧੂ ਦਾ ਇਹ ਫੈਨ ਨਾਬਾਲਗ ਹੈ ਜਿਸ ਦੀ ਉਮਰ 17 ਸਾਲ ਹੈ। ਡਾਕਟਰਾਂ ਵੱਲੋਂ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਨਾਬਾਲਗ ਨੇ 10ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ, ਉਸ ਦੇ ਮਾਤਾ-ਪਿਤਾ ਦਿਹਾੜੀਦਾਰ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਸੀ। ਸਿੱਧੂ ਮੂਸੇਵਾਲਾ ਦਾ ਇਹ ਫੈਨ ਉਸ ਦੇ ਸਾਰੇ ਗੀਤ ਸੁਣਦਾ ਸੀ ਤੇ ਮੂਸੇਵਾਲਾ ਦੇ ਨਾਂ ਵਾਲੀਆਂ ਟੀ-ਸ਼ਰਟਾਂ ਪਹਿਨਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਸ਼ਾਮ ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਉਦੋਂ ਤੋਂ ਇਹ ਨਾਬਾਲਗ ਪਰੇਸ਼ਾਨ ਸੀ। ਉਹ ਖ਼ਬਰ ਸੁਣ ਕੇ ਕਾਫੀ ਭਾਵੁਕ ਸੀ ਅਤੇ ਰੋ ਰਿਹਾ ਸੀ। ਪਰਿਵਾਰ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਉਸ ਨੇ ਸ਼ਰਾਬ ਪੀਣੀ ਵੀ ਛੱਡ ਦਿੱਤੀ।
ਬੀਤੇ ਕੱਲ੍ਹ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮੇਂ ਸਿਰ ਉਸ ਨੂੰ ਇਲਾਜ ਲਈ ਹਸਪਤਾਲ ਲਜਾਇਆ ਗਿਆ। ਫਿਲਹਾਲ ਨਾਬਾਲਗ ਜੇਰੇ ਇਲਾਜ ਹੈ।


ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਜਾਏਗਾ ਪੰਜਾਬ


ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੰਜਾਬ ਪੁਲਿਸ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲੈ ਕੇ ਆਏਗੀ। ਮਾਨਸਾ ਦੇ ਐਸਐਸਪੀ ਡਾ. ਗੌਰਵ ਤੁਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਲਾਰੈਂਸ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਦਿੱਲੀ ਦੇ ਸਪੈਸ਼ਲ ਸੈੱਲ ਕੋਲ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਸ ਦਾ ਰਿਮਾਂਡ ਖਤਮ ਹੋਵੇਗਾ, ਪੰਜਾਬ ਪੁਲਿਸ ਉਸ ਦਾ ਰਿਮਾਂਡ ਲੈ ਲਵੇਗੀ। ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਮਾਨਸਾ ਲਿਆਂਦਾ ਜਾਵੇਗਾ। ਪੰਜਾਬ ਪੁਲਿਸ ਦੀ SIT ਨੇ ਆਪਣੀ ਸਾਰੀ ਕਾਗਜੀ ਕਾਰਵਾਈ ਕਰ ਲਈ ਹੈ।


ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ ਕਿ ਮੂਸੇਵਾਲਾ ਦੇ ਕਤਲ 'ਚ ਕੌਣ-ਕੌਣ ਸ਼ਾਮਲ ਹੈ, ਉਸ ਨੂੰ ਹਥਿਆਰ ਕਿਸ ਨੇ ਮੁਹੱਈਆ ਕਰਵਾਏ ਸਨ। ਸਾਰੀ ਰੇਕੀ ਕਿਸਨੇ ਕੀਤੀ? ਉਨ੍ਹਾਂ ਨੂੰ ਕਿਵੇਂ ਪਤਾ ਲੱਗਾ ਕਿ ਮੂਸੇਵਾਲਾ ਬਿਨਾਂ ਬੁਲੇਟ ਪਰੂਫ ਗੱਡੀ ਤੇ ਗੰਨਮੈਨ ਦੇ ਜਾ ਰਿਹਾ ਹੈ? ਜਦੋਂਕਿ ਗੈਂਗਸਟਰ ਲਾਰੈਂਸ ਪੰਜਾਬ ਨਹੀਂ ਆਉਣਾ ਚਾਹੁੰਦਾ। ਉਸ ਨੂੰ ਡਰ ਹੈ ਕਿ ਪੰਜਾਬ ਪੁਲਿਸ ਉਸਨੂੰ ਮੁਕਾਬਲੇ 'ਚ ਮਾਰ ਦੇਵੇਗੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬ ਨਾ ਭੇਜਿਆ ਜਾਵੇ। ਜਾਂਚ ਕਿਸੇ ਹੋਰ ਰਾਜ, ਤਿਹਾੜ ਜੇਲ੍ਹ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਣੀ ਚਾਹੀਦੀ ਹੈ।