ਅਨਿਲ ਜੈਨ ਦੀ ਰਿਪੋਰਟ


Sangrur News: ਪਰਾਲੀ ਨੂੰ ਅੱਗ ਲਾਉਣ ਸਬੰਧੀ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਇਸ ਦੇ ਚੱਲਦਿਆਂ ਅੱਜ ਵੱਖ-ਵੱਖ ਟੀਮਾਂ ਰਾਹੀਂ ਜਿੱਥੇ ਕਿਸਾਨਾਂ ਨੂੰ ਸਮਝਾਇਆ ਗਿਆ, ਉੱਥੇ ਹੀ ਡਵੀਜ਼ਨ ਪੱਧਰ 'ਤੇ ਫਾਇਰ ਬ੍ਰਿਗੇਡ ਤੇ ਪੁਲਿਸ ਪਾਰਟੀ ਸਮੇਤ ਟੀਮਾਂ ਬਣਾਈਆਂ ਗਈਆਂ ਹਨ।


ਇਸ ਸਬੰਧੀ ਨਾਇਬ ਤਹਿਸੀਲਦਾਰ ਰਵਿੰਦਰਜੀਤ ਸਿੰਘ ਤੇ ਥਾਣਾ ਸਦਰ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਮੁਤਾਬਕ ਪਰਾਲੀ ਨੂੰ ਲੱਗੀ ਅੱਗ ਬੁਝਾਉਣ ਤੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਵਿੱਚ ਐਸਐਚਓ, ਬੀਡੀਪੀਓ, ਐਸਡੀਐਮ, ਤਹਿਸੀਲਦਾਰ ਤੇ ਹੋ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਟੀਮਾਂ ਨੂੰ ਪੁਲਿਸ ਵੀ ਮੁਹੱਈਆ ਕਰਵਾਈ ਗਈ ਹੈ। 


ਉਨ੍ਹਾਂ ਕਿਹਾ ਕਿ ਅਸੀਂ ਫਾਇਰ ਬ੍ਰਿਗੇਡ ਵੀ ਲੈ ਕੇ ਫਿਰ ਰਹੇ ਹਾਂ। ਕਿਸਾਨਾਂ ਨੂੰ ਸਮਝਾਇਆ ਵੀ ਜਾ ਰਿਹਾ ਹੈ ਕਿ ਅੱਗ ਲੱਗਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੁੰਦੀ ਹੈ ਤੇ ਮਨੁੱਖਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਪਰਾਲੀ ਸਬੰਧੀ ਬਾਇਓ ਫੈਕਟਰੀ ਵੀ ਹੈ। ਇਸ ਕਾਰਨ ਇਧਰ ਅੱਗ ਘੱਟ ਲਗਾਈ ਜਾ ਰਹੀ ਹੈ। ਜਦੋਂਕਿ ਕਿਸਾਨਾਂ ਦੀ ਮੰਗ ਹੈ ਕਿ ਸਾਨੂੰ ਬੇਲਰ ਮੁਹੱਈਆ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਨੂੰ ਪ੍ਰਪੋਜਲ ਬਣਾ ਕੇ ਭੇਜ ਦਿੱਤੀ ਜਾਵੇਗੀ।


ਦੂਜੇ ਪਾਸੇ ਕਿਸਾਨ ਆਗੂ ਕੁਲਬੀਰ ਸਿੰਘ ਕਾਲ ਵੰਜਾਰਾ ਤੇ ਦਲਵੀਰ ਸਿੰਘ ਹੋਰਾਂ ਨੇ ਆਪਣੀ ਮਜਬੂਰੀ ਦੱਸਦਿਆਂ ਤੇ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਜਦੋਂ ਪਰਾਲੀ ਨੂੰ ਅੱਗ ਲਾਉਂਦੇ ਹਾਂ ਤਾਂ ਫਾਇਰ ਬ੍ਰਿਗੇਡ ਤੁਰੰਤ ਪਹੁੰਚ ਜਾਂਦੀ ਹੈ ਪਰ ਜਦੋਂ ਸਾਡੀਆਂ ਫਸਲਾਂ ਨੂੰ ਅੱਗ ਲੱਗਦੀ ਹੈ ਤਾਂ ਬੁਲਾਉਣ ਉਪਰੰਤ ਵੀ ਫਾਇਰ ਬ੍ਰਗੇਡ ਨਹੀਂ ਪਹੁੰਚਦੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਹੈ। ਜਦੋਂਕਿ ਸਾਨੂੰ ਇਹ ਵੀ ਪਤਾ ਹੈ ਕਿ ਧੂੰਏਂ ਨਾਲ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਹਨ।


ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਇਸ ਦਾ ਸਥਾਈ ਹੱਲ ਕਰਕੇ ਦੇਵੇ ਕਿਉਂਕਿ ਸੈਂਕੜੇ ਟਨ ਪਰਾਲੀ ਅਸੀਂ ਕਿੱਥੇ ਖਪਤ ਕਰ ਸਕਦੇ ਹਾਂ। ਇਸ ਲਈ ਸਾਨੂੰ ਅੱਗ ਲਗਾਉਣੀ ਪੈਂਦੀ ਹੈ। ਜੇਕਰ ਸਰਕਾਰ ਇਸ ਦਾ ਇੰਤਜ਼ਾਮ ਕਰੇ ਤਾਂ ਸਾਨੂੰ ਅੱਗ ਲਗਾਉਣ ਦੀ ਲੋੜ ਹੀ ਨਹੀਂ ਪੈਂਦੀ।