Farmers Protest: ਸੋਮਵਾਰ ਨੂੰ ਪੁਲਿਸ ਤੇ ਕਿਸਾਨਾਂ ਦਰਮਿਆਨ ਹੋਈ ਝੜਪ ਦੌਰਾਨ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਖਿਲਾਫ ਹੀ ਪਰਚਾ ਦਰਜ ਕਰ ਦਿੱਤਾ ਹੈ। ਲੌਂਗੋਵਾਲ ਪੁਲਿਸ ਨੇ ਵਾਪਰੇ ਘਟਨਾਕ੍ਰਮ ਨੂੰ ਲੈ ਕੇ 18 ਮਾਲੂਮ ਤੇ 30 ਤੋਂ 35 ਨਾਮਾਲੂਮ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਦੀ ਕਾਰਵਾਈ ਮਗਰੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਮੰਗਲਵਾਰ ਨੂੰ ਲੌਂਗੋਵਾਲ ’ਚ ਹੰਗਾਮੀ ਮੀਟਿੰਗ ਕਰਦਿਆਂ ਝੜਪ ਦੌਰਾਨ ਮਾਰੇ ਗਏ ਕਿਸਾਨ ਪ੍ਰੀਤਮ ਸਿੰਘ ਨੂੰ ‘ਸ਼ਹੀਦ’ ਕਰਾਰ ਦਿੱਤਾ ਹੈ ਤੇ ਲੌਂਗੋਵਾਲ ’ਚ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ।


ਹਾਸਲ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਜਿਨ੍ਹਾਂ 50 ਤੋਂ ਵੱਧ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੁੱਖਾ ਸਿੰਘ, ਬਲਜਿੰਦਰ ਸਿੰਘ ਲੌਂਗੋਵਾਲ, ਪਰਦੀਪ ਸਿੰਘ ਕਿਲਾ ਭਰੀਆ, ਪੀਟਰ ਰੇਹੜੇ ਦਾ ਨਾਮਲੂਮ ਡਰਾਈਵਰ, ਅਮਰ ਸਿੰਘ ਕਿਲਾ ਭਰੀਆਂ, ਅਮਰ ਸਿੰਘ ਲੌਂਗੋਵਾਲ, ਕੁਲਵਿੰਦਰ ਸਿੰਘ ਲੌਂਗੋਵਾਲ, ਭੁਪਿੰਦਰ ਸਿੰਘ ਸੂਬਾ ਆਗੂ ਕਿਰਤੀ ਕਿਸਾਨ ਯੂਨੀਆਨ, ਰਾਜਪਾਲ ਸਿੰਘ ਮੰਗਵਾਲ, ਪ੍ਰਿਥੀ ਸਿੰਘ ਲੋਂਗੋਵਾਲ, ਜੁਝਾਰ ਸਿੰਘ, ਹੈਪੀ ਨਮੋਲ, ਲਖਵੀਰ ਸਿੰਘ ਲੌਂਗੋਵਾਲ, ਕਮਲਜੀਤ ਸਿੰਘ ਲੌਂਗੋਵਾਲ, ਬਲਦੇਵ ਸਿੰਘ, ਬਾਰਾ ਸਿੰਘ ਮੰਗਵਾਲ, ਦਰਬਾਰਾ ਸਿੰਘ ਲੋਹਾਖੇੜਾ ਤੇ ਗੁਰਮੇਲ ਸਿੰਘ ਲੌਂਗੋਵਾਲ ਤੋਂ ਇਲਾਵਾ ਹੋਰ ਨਾਮਲੂਮ ਵਿਅਕਤੀ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 323, 353, 186, 148, 149 ਤਹਿਤ ਕੇਸ ਕੇਸ ਦਰਜ ਕੀਤਾ ਗਿਆ ਹੈ।



ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਤੋਂ ਬਾਅਦ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਆਗੂ ਸਤਿਨਾਮ ਸਿੰਘ ਬਹਿਰੂ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ ਤੇ ਭਾਕਿਯੂ ਦੁਆਬਾ ਦੇ ਆਗੂ ਸਤਨਾਮ ਸਿੰਘ ਸਾਹਨੀ ਨੇ ਲੌਂਗੋਵਾਲ ’ਚ ਹੋਏ ਪੁਲੀਸ ਜਬਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਡਬਰ ਟੌਲ ਪਲਾਜ਼ਾ ’ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਤੇ ਕਿਸਾਨ ਬੀਬੀਆਂ ਉੱਪਰ ਪੁਲਿਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਤੇ ਕਿਸਾਨ ਪ੍ਰੀਤਮ ਸਿੰਘ ਨੂੰ ਸ਼ਹੀਦ ਕੀਤਾ ਗਿਆ।


ਇਹ ਵੀ ਪੜ੍ਹੋ: Punjab News: ਪੰਜਾਬ 'ਚ ਮੁੜ ਹੜ੍ਹਾਂ ਦਾ ਖਤਰਾ! ਹਿਮਾਚਲ ’ਚ ਮੀਂਹ ਪੈਣ ਨਾਲ ਡੈਮਾਂ 'ਚ ਪਾਣੀ ਵਧਿਆ, ਫਿਰ ਖੋਲ੍ਹੇ ਜਾ ਸਕਦੇ ਫਲੱਡ ਗੇਟ


ਉਨ੍ਹਾਂ ਕਿਹਾ ਕਿ ਵਾਪਰੇ ਸਮੁੱਚੇ ਘਟਨਾਕ੍ਰਮ ਲਈ ਪੁਲੀਸ ਵੱਲੋਂ ਉਲਟਾ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦਿਆਂ 53 ਕਿਸਾਨਾਂ ਖ਼ਿਲਾਫ਼ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕੇਸ ਦਰਜ ਕੀਤਾ ਜਾਵੇ, 53 ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕੀਤ ਜਾਣ ਤੇ ਗ੍ਰਿਫ਼ਤਾਰ ਕੀਤੇ ਕਿਸਾਨ ਰਿਹਾਅ ਕੀਤੇ ਜਾਣ। ਕਿਸਾਨ ਆਗੂਆਂ ਨੇ ਦੱਸਿਆ ਕਿ 2 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਆਲ ਇੰਡੀਆ ਦੀ ਮੀਟਿੰਗ ਚੰਡੀਗੜ੍ਹ ’ਚ ਹੋ ਰਹੀ ਹੈ ਜਿਸ ਵਿੱਚ ਲੌਂਗੋਵਾਲ ਘਟਨਾ ਦਾ ਮੁੱਦਾ ਰੱਖਿਆ ਜਾਵੇਗਾ।


ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਵੱਲੋਂ ਅਫਸਰਸ਼ਾਹੀ 'ਚ ਵੱਡਾ ਫੇਰਬਦਲ, ਵੱਡੀ ਗਿਣਤੀ IAS ਤੇ PCS ਅਫਸਰ ਬਦਲੇ, ਵੇਖੋ ਲਿਸਟ