Punjab News: ਲੋਕ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ 'ਚ ਰੁੱਝੀਆਂ ਹੋਈਆਂ ਹਨ। ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਐਸਵਾਈਐਲ ਨੂੰ ਲੈ ਕੇ ਹੰਗਾਮਾ ਚੱਲ ਰਿਹਾ ਹੈ। ਦੂਜੇ ਪਾਸੇ ਪੰਜਾਬ ਵਿੱਚ INDIA ਗਠਜੋੜ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਤਕਰਾਰ ਜਾਰੀ ਹੈ। ਇਸ ਦੌਰਾਨ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਹਾਲ ਹੀ 'ਚ ਸੂਬੇ 'ਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਤੋਂ ਬਾਅਦ ਭਾਜਪਾ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ 8 ਸੀਨੀਅਰ ਆਗੂਆਂ ਦੇ ਇਕੱਠੇ ਪਾਰਟੀ ਛੱਡਣ ਕਾਰਨ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਪਾਰਟੀ ਛੱਡ ਚੁੱਕੇ ਇਹ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਦੱਸੇ ਜਾਂਦੇ ਹਨ। ਤਾਂ ਕੀ ਹੁਣ ਕੈਪਟਨ ਅਮਰਿੰਦਰ ਵੀ ਘਰ ਵਾਪਸੀ ਕਰਨ ਜਾ ਰਹੇ ਹਨ? ਇਸ ਦੀ ਸਿਆਸੀ ਹਲਕਿਆਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ।
ਸੋਨੀਆ ਗਾਂਧੀ ਨਾਲ ਮੁਲਾਕਾਤ ਮਗਰੋਂ ਛਿੜੀ ਚਰਚਾ
ਦੱਸ ਦੇਈਏ ਕਿ ਪਿਛਲੇ ਮਹੀਨੇ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਅਟਕਲਾਂ ਸ਼ੁਰੂ ਹੋ ਗਈਆਂ ਸਨ ਕਿ ਕੈਪਟਨ ਮੁੜ ਕਾਂਗਰਸ ਵਿੱਚ ਵਾਪਸੀ ਕਰਨ ਜਾ ਰਹੇ ਹਨ। ਪਰ ਇਨ੍ਹਾਂ ਸਾਰੀਆਂ ਸਿਆਸੀ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਕੈਪਟਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਹਮੇਸ਼ਾ ਲਈ ਭਾਜਪਾ 'ਚ ਹੀ ਰਹਿਣ ਦਾ ਮਨ ਬਣਾ ਲਿਆ ਹੈ। ਉਹ ਭਾਜਪਾ ਪ੍ਰਤੀ ਵਚਨਬੱਧ ਰਹਿਣਗੇ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਅਸੂਲ ਹੈ ਕਿ ਉਹ ਇੱਕ ਵਾਰ ਲਏ ਗਏ ਫੈਸਲੇ ਨੂੰ ਵਾਪਸ ਨਹੀਂ ਲੈਂਦੇ।
ਕੈਪਟਨ ਖੇਮੇ ਦੇ ਆਗੂਆਂ ਦੀ ਵਾਪਸੀ ਦਾ ਕੀ ਕਾਰਨ ?
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕੈਪਟਨ ਕੈਂਪ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਸਾਬਕਾ ਮੰਤਰੀ ਡਾ: ਰਾਜਕੁਮਾਰ ਵੇਰਕਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਹੰਸ ਰਾਜ ਜੋਸਨ, ਕਮਲਜੀਤ ਸਿੰਘ ਢਿੱਲੋਂ ਕਾਂਗਰਸੀ ਆਗੂ ਹਨ ਜਿਨ੍ਹਾਂ ਦੀ ਮੁੜ ਘਰ ਵਾਪਸੀ ਹੋਈ ਹੈ। ਕਾਂਗਰਸ ਵਿੱਚ ਵਾਪਸੀ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਉਨ੍ਹਾਂ ਦੀ ਪੁਰਾਣੀ ਪਾਰਟੀ ਹੈ, ਉਨ੍ਹਾਂ ਨੇ ਪਾਰਟੀ ਛੱਡ ਕੇ ਗਲਤੀ ਕੀਤੀ ਹੈ। ਉਸ ਨੇ ਹੁਣ ਇਸ ਨੂੰ ਠੀਕ ਕਰ ਦਿੱਤਾ ਹੈ। ਜਦੋਂਕਿ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਭਾਜਪਾ ਵਿੱਚ ਜਾਤੀਵਾਦ ਭਾਰੂ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਵਿੱਚ ਉਨ੍ਹਾਂ ਨੂੰ ਇੱਜ਼ਤ ਨਹੀਂ ਮਿਲਦੀ। ਭਾਜਪਾ ਸਾਰੇ ਨੇਤਾਵਾਂ ਨੂੰ ਬਰਾਬਰ ਨਹੀਂ ਮੰਨਦੀ, ਵਿਤਕਰਾ ਕਰਦੀ ਹੈ।