ਚੰਡੀਗੜ੍ਹ: ਪੰਜਾਬ ਵਿੱਚ ਬੀਜੇਪੀ ਨੇ ਨਵੀਂ ਮੁਸੀਬਤ ਛੇੜ ਲਈ ਹੈ। ਖੇਤੀ ਕਾਨੂੰਨਾਂ ਕਰਕੇ ਪਹਿਲਾਂ ਪਿੰਡਾਂ ਦੇ ਲੋਕ ਬੀਜੇਪੀ ਦਾ ਵਿਰੋਧ ਕਰ ਰਹੇ ਸੀ ਤੇ ਹੁਣ ਆੜ੍ਹਤੀਆਂ ਤੇ ਕਾਰੋਬਾਰੀਆਂ 'ਤੇ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਕਰਕੇ ਸ਼ਹਿਰੀ ਤਬਕਾ ਵੀ ਖਫਾ ਹੋ ਗਿਆ ਹੈ। ਆੜ੍ਹਤੀਆਂ ਤੇ ਕਾਰੋਬਾਰੀਆਂ ਨੇ ਪੰਜਾਬ ਭਰ ਵਿੱਚ ਮੰਡੀਆਂ ਬੰਦ ਕਰਕੇ ਮੋਦੀ ਸਰਕਾਰ ਖਿਲਾਫ ਸੰਘਰਸ਼ ਛੇੜ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਆੜ੍ਹਤੀਆਂ ਤੇ ਕਾਰੋਬਾਰੀਆਂ ਦੇ ਸੰਘਰਸ਼ ਨਾਲ ਪੰਜਾਬ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਬੀਜੇਪੀ ਦਾ ਵੋਟਰ ਬੈਂਕ ਸ਼ਹਿਰੀ ਕਾਰੋਬਾਰੀ ਹੀ ਹਨ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮੋਦੀ ਸਰਕਾਰ ਦੇ ਫੈਸਲਿਆਂ ਕਰਕੇ ਉਨ੍ਹਾਂ ਨੂੰ ਵੱਡਾ ਘਾਟਾ ਸਹਿਣਾ ਪਿਆ ਹੈ। ਹੁਣ ਕਿਸਾਨਾਂ ਦੀ ਹਮਾਇਤ ਕਰਨ 'ਤੇ ਉਨ੍ਹਾਂ ਦੇ ਆੜ੍ਹਤੀ ਸਾਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੱਸ ਦਈਏ ਕਿ ਆਮਦਨ ਕਰ ਵਿਭਾਗ ਵੱਲੋਂ ਮਾਰੇ ਜਾ ਰਹੇ ਛਾਪਿਆਂ ਖ਼ਿਲਾਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਆਮਦਨ ਕਰ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆੜ੍ਹਤੀਆਂ ਨੂੰ ਕਿਸਾਨਾਂ ਦੀ ਹਮਾਇਤ ਕਰਨ ਤੋਂ ਰੋਕਣ ਲਈ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ ਹਨ ਪਰ ਜੇਕਰ ਹੁਣ ਕਿਸੇ ਵੀ ਆੜ੍ਹਤੀ ਖ਼ਿਲਾਫ਼ ਛਾਪਾ ਮਾਰਿਆ ਗਿਆ ਤਾਂ ਸਮੁੱਚਾ ਆੜ੍ਹਤੀ ਭਾਈਚਾਰਾ ਛਾਪਾ ਮਾਰੂ ਟੀਮ ਦਾ ਘਿਰਾਓ ਕਰੇਗਾ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਆਮਦਨ ਕਰ ਵਿਭਾਗ ਵੱਲੋਂ ਆੜ੍ਹਤੀਆਂ ਦੀ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਰੋਕਣ ਲਈ ਸਿਆਸੀ ਦਬਾਅ ਹੇਠ ਆੜ੍ਹਤੀਆਂ ’ਤੇ ਮਾਰੇ ਜਾ ਰਹੇ ਛਾਪਿਆਂ ਤੋਂ ਘਬਰਾ ਕੇ ਆੜ੍ਹਤੀ ਸੰਘਰਸ਼ ਵਾਪਸ ਨਹੀਂ ਲੈਣਗੇ। ਕੇਂਦਰ ਸਰਕਾਰ ਵਿਰੁੱਧ ਰੋਸ ਵਜੋਂ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਬੰਦ ਕਰਕੇ ਆੜ੍ਹਤੀ ਆਪਣਾ ਰੋਸ ਪ੍ਰਗਟ ਕਰਦੇ ਰਹਿਣਗੇ।
ਬੀਜੇਪੀ ਨੂੰ ਪੰਜਾਬ ਦੇ ਪਿੰਡਾਂ ਮਗਰੋਂ ਹੁਣ ਸ਼ਹਿਰਾਂ 'ਚ ਝਟਕਾ, ਆਈਟੀ ਦੀ ਕਾਰਵਾਈ ਪਈ ਪੁੱਠੀ
ਏਬੀਪੀ ਸਾਂਝਾ | 22 Dec 2020 12:01 PM (IST)