Protest On Agnipath Scheme: ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਨੂੰ ਲੈ ਕੇ ‘ਅਗਨੀਪਥ ਸਕੀਮ’ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਨੌਜਵਾਨਾਂ ਨੂੰ ਚਾਰ ਸਾਲ ਤੱਕ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਇਸ ਰਾਹੀਂ ਚੰਗੀ ਤਨਖ਼ਾਹ ਤੇ ਸਹੂਲਤਾਂ ਨਾਲ ਫ਼ੌਜ ਦੇ ਆਧੁਨਿਕੀਕਰਨ ਦਾ ਦਾਅਵਾ ਕੀਤਾ ਗਿਆ ਹੈ ਪਰ ਫੌਜ ਵਿੱਚ ਭਰਤੀ ਦੀ ਇਸ ਯੋਜਨਾ ਦਾ ਬਿਹਾਰ ਤੋਂ ਲੈ ਕੇ ਰਾਜਸਥਾਨ ਤੱਕ ਵਿਰੋਧ ਹੋਇਆ ਹੈ। ਬਿਹਾਰ ਦੇ ਨਵਾਦਾ 'ਚ ਫੌਜ 'ਚ 4 ਸਾਲ ਦੀ ਸੇਵਾ ਦੇ ਨਿਯਮ ਖਿਲਾਫ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲਿਆਂ 'ਚ ਭਾਰੀ ਰੋਸ ਹੈ। ਉਨ੍ਹਾਂ ਵੀਰਵਾਰ ਨੂੰ ਪ੍ਰਜਾਤੰਤਰ ਚੌਕ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।



ਜਹਾਨਾਬਾਦ ਵਿੱਚ ਰੋਕੀਆਂ ਗਈਆਂ ਟ੍ਰੇਨਾਂ
ਉਧਰ, ਬਿਹਾਰ ਦੇ ਜਹਾਨਾਬਾਦ 'ਚ ਅਗਨੀਪਥ ਸਕੀਮ ਨੂੰ ਲੈ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਜਹਾਨਾਬਾਦ 'ਚ ਵਿਦਿਆਰਥੀਆਂ ਨੇ ਫੌਜ ਦੀ ਨਵੀਂ ਭਰਤੀ ਯੋਜਨਾ ਦਾ ਵਿਰੋਧ ਕਰਦੇ ਹੋਏ ਕਾਕੋ ਮੋੜ ਨੇੜੇ ਸੜਕ 'ਤੇ ਟ੍ਰੇਨ ਰੋਕੀ ਤੇ ਟਾਇਰ ਸਾੜ ਕੇ ਪ੍ਰਦਰਸ਼ਨ ਕੀਤਾ।

ਫੌਜ ਦੀ ਨਵੀਂ ਭਰਤੀ ਸਕੀਮ ਦੇ ਵਿਰੋਧ 'ਚ ਵੀਰਵਾਰ ਦੀ ਸਵੇਰ ਨੂੰ ਬਿਹਾਰ ਦੇ ਜਹਾਨਾਬਾਦ 'ਚ ਵਿਦਿਆਰਥੀਆਂ ਨੇ ਰੇਲ ਗੱਡੀਆਂ ਤੇ ਵਾਹਨ ਰੋਕ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਜਹਾਨਾਬਾਦ ਸਟੇਸ਼ਨ 'ਤੇ ਟਰੇਨ ਰੋਕ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਦੇ ਨਾਲ ਹੀ ਕਾਕੋ ਮੋੜ ਨੇੜੇ ਟਾਇਰ ਸੜ ਜਾਣ ਕਾਰਨ ਐਨਐਚ-83 ਤੇ 110 ਨੂੰ ਵੀ ਜਾਮ ਕਰ ਦਿੱਤਾ ਗਿਆ। ਵਿਦਿਆਰਥੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਦਰਅਸਲ, ਕੇਂਦਰ ਸਰਕਾਰ ਨੇ ਫੌਜ ਦੀਆਂ ਤਿੰਨ ਸ਼ਾਖਾਵਾਂ ਏਅਰ ਫੋਰਸ, ਨੇਵੀ, ਆਰਮੀ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਭਰਤੀ ਲਈ ਅਗਨੀਪੱਥ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਫੌਜ ਵਿੱਚ ਜਵਾਨਾਂ ਨੂੰ 4 ਸਾਲ ਤੱਕ ਰੱਖਿਆ ਬਲ ਵਿੱਚ ਸੇਵਾ ਕਰਨੀ ਪਵੇਗੀ। ਇਸ ਯੋਜਨਾ ਦੇ ਖਿਲਾਫ ਫੌਜ ਦੀ ਭਰਤੀ ਦੇ ਉਮੀਦਵਾਰਾਂ ਨੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਹੈ।

ਪ੍ਰਦਰਸ਼ਨ ਕਰ ਰਹੇ ਉਮੀਦਵਾਰਾਂ ਨੇ ਦੱਸਿਆ ਕਿ ਦੌੜ ਤੇ ਮੈਡੀਕਲ ਨਿਕਲ ਗਿਆ ਹੈ, ਅਜਿਹੇ 'ਚ ਹੁਣ 4 ਸਾਲ ਦੀ ਸਰਵਿਸ ਦਿੱਤੀ ਜਾਂਦੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਬਿਹਾਰ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ 16 ਸਾਲ ਦੀ ਸੇਵਾ ਬਹਾਲ ਕੀਤੀ ਜਾਵੇ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਇੰਨੀ ਮਿਹਨਤ ਨਾਲ ਤਿਆਰੀ ਕਰ ਰਹੇ ਹਾਂ ਤੇ ਸਰਕਾਰ ਕਿਹੜੀ ਨੀਤੀ ਤਹਿਤ ਸਾਨੂੰ ਚਾਰ ਸਾਲ ਦੀ ਨੌਕਰੀ ਦੇ ਰਹੀ ਹੈ। ਬਾਕੀ ਸਮਾਂ ਅਸੀਂ ਕੀ ਕਰਾਂਗੇ? ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਕਿਵੇਂ ਕਰਾਂਗੇ ?

ਮੁਜ਼ੱਫਰਪੁਰ ਤੇ ਬਕਸਰ 'ਚ ਹੰਗਾਮਾ
ਇਸ ਤੋਂ ਪਹਿਲਾਂ ਮੁਜ਼ੱਫਰਪੁਰ 'ਚ ਸੜਕ 'ਤੇ ਅੱਗਜ਼ਨੀ ਤੇ ਬਕਸਰ 'ਚ ਰੇਲਵੇ ਟ੍ਰੈਕ 'ਤੇ ਪ੍ਰਦਰਸ਼ਨ ਕੀਤਾ ਗਿਆ। ਬਕਸਰ 'ਚ ਮੁਜ਼ੱਫਰਪੁਰ 'ਚ ਨੌਜਵਾਨਾਂ ਨੇ ਟਰੇਨ 'ਤੇ ਪੱਥਰ ਸੁੱਟੇ ਅਤੇ ਸੜਕਾਂ 'ਤੇ ਉਤਰ ਆਏ। ਮੁਜ਼ੱਫਰਪੁਰ ਰੇਲਵੇ ਸਟੇਸ਼ਨ ਨੇੜੇ ਚੱਕਰ ਚੌਕ 'ਤੇ ਨੌਜਵਾਨਾਂ ਨੇ ਹੰਗਾਮਾ ਕਰ ਦਿੱਤਾ। ਇਸ ਤੋਂ ਇਲਾਵਾ ਚੱਕਰ ਮੈਦਾਨ ਨੇੜੇ ਗੋਬਰਸ਼ਾਹੀ ਚੌਕ ਵਿਖੇ ਵੀ ਪ੍ਰਦਰਸ਼ਨ ਕੀਤਾ।

ਉਥੇ ਹੀ ਬਕਸਰ 'ਚ ਰੇਲਵੇ ਟ੍ਰੈਕ 'ਤੇ ਹੋਏ ਹੰਗਾਮੇ ਦੌਰਾਨ ਕਾਸ਼ੀ ਪਟਨਾ ਐਕਸਪ੍ਰੈੱਸ ਨੂੰ ਉਮੀਦਵਾਰਾਂ ਨੇ ਕਰੀਬ 10 ਮਿੰਟ ਤੱਕ ਰੋਕਿਆ। ਰੇਲਵੇ ਟ੍ਰੈਕ 'ਤੇ ਵਿਦਿਆਰਥੀਆਂ ਦੇ ਹੰਗਾਮੇ ਨੂੰ ਦੇਖਦੇ ਹੋਏ ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਰੇਲਵੇ ਮੈਨੇਜਮੈਂਟ ਦੀ ਟੀਮ ਪਹੁੰਚੀ। ਉਮੀਦਵਾਰਾਂ ਨੂੰ ਸਮਝਾਇਆ ਗਿਆ। ਇਸ ਤੋਂ ਬਾਅਦ ਉਹ ਰੇਲਵੇ ਟਰੈਕ ਤੋਂ ਹਟੇ।

ਰਾਜਸਥਾਨ ਵਿੱਚ ਵਿਰੋਧ ਪ੍ਰਦਰਸ਼ਨ
ਓਧਰ ਰਾਜਸਥਾਨ 'ਚ ਵੀ ਕੇਂਦਰ ਸਰਕਾਰ ਦੀ ਫੌਜ 'ਚ ਚੱਲ ਰਹੀ ਅਗਨੀਪੱਥ ਯੋਜਨਾ ਦਾ ਵਿਰੋਧ ਹੋ ਰਿਹਾ ਹੈ। ਜੈਪੁਰ ਦੇ ਕਲਵਾਰ ਰੋਡ 'ਤੇ ਵੱਡੀ ਗਿਣਤੀ 'ਚ ਨੌਜਵਾਨ ਇਕੱਠੇ ਹੋਏ ਅਤੇ ਇਸ ਨੂੰ ਵਾਪਸ ਲੈਣ ਲਈ ਨਾਅਰੇਬਾਜ਼ੀ ਕੀਤੀ। ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਨੇ ਕੇਂਦਰ ਤੋਂ ਇਸ ਯੋਜਨਾ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਨੌਜਵਾਨਾਂ ਨੇ ਜੈਪੁਰ-ਦਿੱਲੀ ਹਾਈਵੇ (NH-8) ਨੂੰ ਜਾਮ ਕਰ ਦਿੱਤਾ।

ਫੌਜ ਵਿੱਚ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨ ਬੁੱਧਵਾਰ ਨੂੰ ਕਲਾਵੜ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਨੌਜਵਾਨਾਂ ਦੇ ਵਿਰੋਧ ਕਾਰਨ ਦਿੱਲੀ-ਅਜਮੇਰ ਹਾਈਵੇਅ ਵੀ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਹਾਈਵੇਅ ’ਤੇ ਜਾਮ ਲੱਗੇ ਰਹੇ। ਹਾਈਵੇਅ ਦੇ ਦੋਵੇਂ ਪਾਸੇ ਕਰੀਬ ਚਾਰ ਕਿਲੋਮੀਟਰ ਤੱਕ ਜਾਮ ਲੱਗ ਗਿਆ। ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਪੁਲੀਸ ਨੇ ਨੌਜਵਾਨਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਨੌਜਵਾਨਾਂ ਨੇ ਕੇਂਦਰ ਸਰਕਾਰ ਤੋਂ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ।