ਚੰਡੀਗੜ੍ਹ: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਅੰਦਰ ਸੰਘਰਸ਼ ਹੋਰ ਤਿੱਖਾ ਕਰਨ ਦੀ ਤਿਆਰੀ ਹੈ। ਪੰਜਾਬ ਦੇ ਪਿੰਡਾਂ ਵਿੱਚ ਸੰਘਰਸ਼ ਨੂੰ ਵੱਡਾ ਹੁੰਗਾਰਾ ਮਿਲਣ ਮਗਰੋਂ ਕਿਸਾਨ ਸ਼ਹਿਰਾਂ ਵਿੱਚ ਵੀ ਅੰਦੋਲਨ ਤਿੱਖਾ ਕਰਨ ਦੀ ਯੋਜਨਾ ਬਣਾ ਰਹੇ ਹਨ। ਕਿਸਾਨ ਲੀਡਰਾਂ ਦਾ ਮੰਨਣਾ ਹੈ ਕਿ ਬੀਜੇਪੀ ਦਾ ਵੋਟ ਬੈਂਕ ਸ਼ਹਿਰਾਂ ਵਿੱਚ ਹੈ। ਇਸ ਲਈ ਕੇਂਦਰ ਵਿੱਚ ਸੱਤਾ 'ਤੇ ਬਿਰਾਜਮਾਨ ਬੀਜੇਪੀ ਸਰਕਾਰ ਨੂੰ ਸੇਕ ਲਾਉਣ ਲਈ ਸ਼ਹਿਰਾਂ ਵੱਲ ਕੂਚ ਕੀਤਾ ਜਾਵੇ।

ਕਿਸਾਨ ਜਥੇਬੰਦੀਆਂ ਨੇ ਸ਼ਹਿਰਾਂ ਵਿੱਚ ਸੰਘਰਸ਼ ਤਿੱਖਾ ਕਰਨ ਲਈ ਆਪਣੀਆਂ ਹਮਖਿਆਲੀ ਮੁਲਾਜ਼ਮ ਜਥੇਬੰਦੀਆਂ, ਟਰੇਡ ਤੇ ਮਜ਼ਦੂਰ ਯੂਨੀਅਨਾਂ ਤੇ ਵਪਾਰੀਆਂ ਦੇ ਸੰਗਠਨਾਂ ਨਾਲ ਰਾਬਤਾ ਕੀਤਾ ਹੈ। ਅਗਲੇ ਦਿਨਾਂ ਵਿੱਚ ਕਿਸਾਨ ਅੰਦੋਲਨ ਦਾ ਸੇਕ ਸ਼ਹਿਰਾਂ ਤੱਕ ਪਹੁੰਚ ਜਾਏਗਾ। ਉਧਰ, ਸੰਘਰਸ਼ ਤਿੱਖਾ ਹੁੰਦਾ ਵੇਖ ਪੰਜਾਬ ਸਰਕਾਰ ਵੀ ਫਿਕਰਮੰਦ ਹੈ। ਸਰਕਾਰ ਦਾ ਕਹਿਣਾ ਹੈ ਕਿ ਰੇਲ ਆਵਾਜਾਈ ਠੱਪ ਰਹਿਣ ਕਰਕੇ ਪੰਜਾਬ ਵਿੱਚ ਕੋਲਾ, ਪੈਟਰੋਲ-ਡੀਜ਼ਲ, ਬਾਰਦਾਨਾ ਤੇ ਖਾਦਾਂ ਦੀ ਸਪਲਾਈ ਰੁਕ ਗਈ ਹੈ। ਇਸ ਨਾਲ ਸੰਕਟ ਖੜ੍ਹਾ ਹੋ ਰਿਹਾ ਹੈ।

ਤਾਜ਼ਾ ਹਾਲਾਤ ਨੂੰ ਵੇਖਦਿਆਂ ਸਰਕਾਰ ਨੇ ਕਿਸਾਨ ਧਿਰਾਂ ਨੂੰ ਮਾਲ ਗੱਡੀਆਂ ਲਈ ਰੇਲ ਮਾਰਗ ਖੋਲ੍ਹੇ ਜਾਣ ਦੀ ਮੁੜ ਅਪੀਲ ਕੀਤੀ ਹੈ। ਬੇਸ਼ੱਕ ਕਿਸਾਨਾਂ ਨੇ ਇਸ ਅਪੀਲ ਨੂੰ ਪਹਿਲਾਂ ਠੁਕਰਾ ਦਿੱਤਾ ਸੀ ਪਰ ਹੁਣ ਕਿਸਾਨ ਜਥੇਬੰਦੀਆਂ ਇਸ ਬਾਰੇ ਵਿਚਾਰ ਕਰ ਰਹੀਆਂ ਹਨ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਫੈਸਲਾ 15 ਅਕਤੂਬਰ ਦੀ ਮੀਟਿੰਗ ਵਿੱਚ ਲਿਆ ਜਾਵੇਗਾ।

ਕਿਸਾਨ ਜਥੇਬੰਦੀਆਂ ਨੂੰ ਇਹ ਵੀ ਖਦਸ਼ਾ ਹੈ ਕਿ ਰੇਲਵੇ ਪਟੜੀਆਂ ਤੋਂ ਧਰਨੇ ਉਠਾਉਣ ਨਾਲ ਸੰਘਰਸ਼ ਫਿੱਕਾ ਪੈ ਸਕਦਾ ਹੈ। ਇਸ ਲਈ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਅੰਦਰ ਵੀ ਸੰਘਰਸ਼ ਦੀ ਮਿਸ਼ਾਲ ਬਾਲੀ ਜਾਵੇ। ਸ਼ਹਿਰਾਂ ਵਿੱਚ ਸੰਘਰਸ਼ ਪਹੁੰਚਣ ਨਾਲ ਕੇਂਦਰਸ ਸਰਕਾਰ ਨੂੰ ਵੀ ਵੱਧ ਸੇਕ ਲੱਗੇਗਾ ਕਿਉਂਕਿ ਬੀਜੇਪੀ ਦਾ ਵੋਟ ਬੈਂਕ ਸ਼ਹਿਰੀ ਵਪਾਰੀ ਵਰਗ ਹੈ। ਜੇਕਰ ਸ਼ਹਿਰਾਂ ਵਿੱਚ ਮੋਰਚੇ ਲੱਗਦੇ ਹਨ ਤਾਂ ਬੀਜੇਪੀ ਲੀਡਰਾਂ ਉਪਰ ਦਬਾਅ ਵਧੇਗਾ।

ਇਸ ਦੀ ਪੁਸ਼ਟੀ ਕਰਦਿਆਂ ਕਿਸਾਨ ਲੀਡਰ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਬੀਜੇਪੀ ਦਾ ਜ਼ਿਆਦਾ ਸ਼ਹਿਰੀ ਆਧਾਰ ਹੈ ਜਿਸ ਕਰਕੇ ਹੁਣ ਸ਼ਹਿਰੀ ਖੇਤਰ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਦਸ਼ਹਿਰੇ ਵਾਲੇ ਦਿਨ ਸ਼ਹਿਰਾਂ ਵਿੱਚ ਪ੍ਰਧਾਨ ਮੰਤਰੀ ਤੇ ਕਾਰਪੋਰੇਟਾਂ ਦੇ ਪੁਤਲੇ ਸਾੜੇ ਜਾਣਗੇ ਤੇ ਬੀਜੇਪੀ ਲੀਡਰਾਂ ਦੀ ਘੇਰਾਬੰਦੀ ਕੀਤੀ ਜਾਵੇਗੀ।