ਲੁਧਿਆਣਾ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਬਾਦਲਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਜਾਖੜ ਨੇ ਇਹ ਵੀ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਾਰ ਵੀ ਬੀਜੇਪੀ ਨੇ ਰਸਮੀ ਤੌਰ 'ਤੇ ਨਹੀਂ ਪੁੱਛਿਆ ਕਿ ਕਿਉਂ ਅਸਤੀਫ਼ਾ ਦੇ ਰਹੇ ਹੋ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਜਿਸ ਤਰ੍ਹਾਂ ਕਿਸਾਨਾਂ ਨੇ ਬਾਦਲਾਂ ਦਾ ਹੰਕਾਰ ਤੋੜਿਆ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਦਾ ਵੀ ਹੰਕਾਰ ਤੋੜ ਦੇਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਮੋਦੀ ਨੇ ਬਾਦਲ ਪਰਿਵਾਰ ਨੂੰ ਇੱਕ ਫ਼ੋਨ ਵੀ ਨਹੀਂ ਕੀਤਾ।


ਜਾਖੜ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਅੱਗੇ ਕਿਹਾ ਕਿ ਬਾਦਲ ਦਾ ਅਸਤੀਫਾ ਇਸ ਤਰ੍ਹਾਂ ਕਬੂਲ ਕਰ ਲਿਆ ਗਿਆ ਜਿਵੇਂ ਦੁੱਧ ਵਿੱਚੋਂ ਮੱਖੀ ਕੱਢ ਕੇ ਬਾਹਰ ਮਾਰੀ ਜਾਂਦੀ ਹੈ। ਇਸ ਦੇ ਨਾਲ ਹੀ ਜਦੋਂ ਜਾਖੜ ਨੂੰ ਗੱਠਜੋੜ 'ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਹਦਾ ਗੱਠਜੋੜ ਜਦੋਂ ਮੋਦੀ ਸਾਹਿਬ ਨੇ ਉਨ੍ਹਾਂ ਨੂੰ ਇੱਕ ਵਾਰ ਵੀ ਰਸਮੀ ਤੌਰ 'ਤੇ ਪੁੱਛਿਆ ਨਹੀਂ। ਇਨ੍ਹਾਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਹੀ ਬੀਜੇਪੀ ਤੋਂ ਅਸਤੀਫਾ ਦੇ ਦੇਣ ਨਹੀਂ ਤਾਂ ਉਹ ਆਪੇ ਕੱਢ ਕੇ ਬਾਹਰ ਮਾਰਨਗੇ।

ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਾਦਲ ਪਰਿਵਾਰ ਦੀ ਨੱਕ ਕੱਟੀ ਗਈ ਤੇ ਜਿਸ ਕੁਰਸੀ ਪਿੱਛੇ ਇਹ ਸਭ ਕੁਝ ਚੱਲ ਰਿਹਾ ਹੈ, ਉਹ ਕੁਰਸੀ ਵੀ ਜਾਂਦੀ ਰਹੀ। ਇਸ ਦੇ ਨਾਲ ਸੁਨੀਲ ਜਾਖੜ ਨੇ ਕਿਹਾ ਕਿ ਦੋ ਕਿਸ਼ਤੀਆਂ 'ਤੇ ਜਿਹੜਾ ਸਵਾਰ ਹੁੰਦਾ ਹੈ, ਉਸ ਦਾ ਇਹੋ ਹੀ ਹਾਲ ਹੁੰਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904