ਚੰਡੀਗੜ੍ਹ: ਨੰਹੁ ਨਾਲੋਂ ਮਾਸ ਵੱਖ ਹੋਣ ਮਗਰੋਂ ਬੀਜੇਪੀ ਤੇ ਅਕਾਲੀ ਦਲ ਆਹਮੋ-ਸਾਹਮਣੇ ਆ ਗਏ ਹਨ। ਅਕਾਲੀ ਦਲ ਨੇ ਐਨਡੀਏ ਤੋਂ ਅੱਡ ਹੋ ਕੇ ਖੇਤੀ ਕਾਨੂੰਨਾਂ 'ਤੇ ਮੋਦੀ ਸਰਕਾਰ ਨੂੰ ਘੇਰਨਾ ਸ਼ੁਰੂ ਕੀਤਾ ਤਾਂ ਬੀਜੇਪੀ ਨੇ ਵੀ ਸਾਬਕਾ ਭਾਈਵਾਲ ਦੀਆਂ ਪੋਲਾਂ ਖੋਲ੍ਹ ਦਿੱਤੀਆਂ।


 

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਇਸ ਲਈ ਸ਼ਨੀਵਾਰ ਨੂੰ ਸਪੈਸ਼ਲ ਚੰਡੀਗੜ੍ਹ ਪਹੁੰਚੇ। ਉਨ੍ਹਾਂ ਨੇ ਪੱਤਰਕਾਰਾਂ ਦੇ ਸਾਹਮਣੇ ਦਾਅਵਾ ਕੀਤਾ ਹੈ ਕਿ ਹਰਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਰਹਿੰਦਿਆਂ ਕਦੇ ਵੀ ਨਵੇਂ ਖੇਤੀ ਬਿੱਲਾਂ ਦਾ ਵਿਰੋਧ ਨਹੀਂ ਕੀਤਾ। ਪੁਰੀ ਦੇ ਇਸ ਬਿਆਨ ਨੇ ਅਕਾਲੀ ਦਲ ਨੂੰ ਕਸੂਤਾ ਫਸਾ ਦਿੱਤਾ ਹੈ।

ਦਰਅਸਲ ਹਰਸਿਮਰਤ ਬਾਦਲ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਖੇਤੀ ਕਾਨੂੰਨ ਬਾਰੇ ਹੋਈਆਂ ਮੀਟਿੰਗਾਂ ਵਿੱਚ ਇਸ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ਨੇ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਤੇ ਨਾ ਹੀ ਉਨ੍ਹਾਂ ਦੀ ਸਲਾਹ ਮੰਨੀ। ਇਸ ਬਾਰੇ ਪੁਰੀ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਨਾ ਕਦੇ ਕੁਝ ਸੁਣਿਆ ਤੇ ਨਾ ਹੀ ਦੇਖਿਆ।

ਉਨ੍ਹਾਂ ਕਿਹਾ ਕਿ 6 ਸਤੰਬਰ ਤੋਂ ਪਹਿਲਾਂ ਅਕਾਲੀ ਦਲ ਦੀ ਸੁਰ ਹੋਰ ਸੀ ਤੇ ਹਰਸਿਮਰਤ ਵੱਲੋਂ ਅਸਤੀਫ਼ਾ ਦੇਣ ਤੇ ਗੱਠਜੋੜ ’ਚੋਂ ਬਾਹਰ ਆਉਣ ਮਗਰੋਂ ਇਹ ਬਿਲਕੁਲ ਹੀ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਤਿੰਨ ਮਹੀਨਿਆਂ ਤੋਂ ਇਨ੍ਹਾਂ ਆਰਡੀਨੈਂਸਾਂ ’ਤੇ ਮੋਦੀ ਸਰਕਾਰ ਦੇ ਨਾਲ ਸੀ, ਪਰ ਹੁਣ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਰਾਜਨੀਤਕ ਡਰਾਮੇ ਵਿੱਚ ਸ਼ਾਮਲ ਹੋ ਗਿਆ ਹੈ।