ਚੰਡੀਗੜ੍ਹ: ਚੁਫੇਰਿਓਂ ਅਲੋਚਨਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਵੀ ਖੁੱਲ੍ਹ ਕੇ ਕਿਸਾਨਾਂ ਨਾਲ ਡਟ ਗਿਆ ਹੈ। ਅਕਾਲੀ ਦਲ ਨੇ ਖੇਤੀਬਾੜੀ ਬਿੱਲਾਂ ਖਿਲਾਫ਼ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਤਹਿਤ ਪੰਜਾਬ ਵਿੱਚ 25 ਸਤੰਬਰ ਨੂੰ ‘ਚੱਕਾ ਜਾਮ’ ਕਰਨ ਦਾ ਐਲਾਨ ਕੀਤਾ ਹੈ। ਅਕਾਲੀ ਦਲ ਇਸ ਸੰਘਰਸ਼ ਨੂੰ ਧਾਰਮਿਕ ਰੰਗਤ ਦੇਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਹਿਤ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ 1 ਅਕਤੂਬਰ ਨੂੰ ਤਿੰਨੇ ਤਖਤਾਂ ਤੋਂ ਮੁਹਾਲੀ ਤੱਕ ਕਿਸਾਨ ਮਾਰਚ ਕੱਢਿਆ ਜਾਵੇਗਾ ਤੇ ਸੂਬੇ ਦੇ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਜਾਵੇਗਾ।

ਖੇਤੀ ਬਿੱਲਾਂ 'ਤੇ ਅਕਾਲੀ ਦਲ ਦੇ ਲਗਾਤਾਰ ਬਦਲਦੇ ਸਟੈਂਡ ਕਰਕੇ ਲੋਕਾਂ ਵਿੱਚ ਪੈਦਾ ਹੋਏ ਰੋਹ ਨੂੰ ਸ਼ਾਂਤ ਕਰਨ ਲਈ ਰਣਨੀਤੀ ਉਲੀਕੀ ਗਈ ਹੈ। ਮੰਗਲਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੀ ਕੋਰ ਕਮੇਟੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਾਰਟੀ ਪ੍ਰਧਾਨ 26 ਤੋਂ 29 ਸਤੰਬਰ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕ ਕੇ ਪਾਰਟੀ ਕੇਡਰ ਨਾਲ ਗੱਲਬਾਤ ਕਰਨਗੇ। ਸੁਖਬੀਰ ਬਾਦਲ ਜਿੱਥੇ ਲੋਕਾਂ ਨੂੰ ਖੇਤੀ ਬਿੱਲਾਂ ਬਾਰੇ ਦੱਸਣਗੇ, ਉੱਥੇ ਹੀ ਅਗਲੀ ਰਣਨੀਤੀ ਵੀ ਦੱਸਣਗੇ।

ਉਧਰ, ਅਕਾਲੀ ਦਲ ਦੇ ਇਸ ਪੈਂਤੜੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਸੰਘਰਸ਼ ਨੂੰ ਸਾਬੋਤਾਜ ਕਰਨ ਲਈ 25 ਸਤੰਬਰ ਨੂੰ ਚੱਕਾ ਜਾਮ ਕਰ ਰਿਹਾ ਹੈ ਜਦੋਂਕਿ ਕਿਸਾਨ ਧਿਰਾਂ ਵੱਲੋਂ ਪਹਿਲਾਂ ਹੀ 25 ਸਤੰਬਰ ਦੇ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਸੇ ਦਿਨ ਨੂੰ ਚੱਕਾ ਜਾਮ ਦਾ ਪ੍ਰੋਗਰਾਮ ਉਲੀਕ ਕੇ ਗਲਤ ਕਦਮ ਚੁੱਕਿਆ ਹੈ।

ਮੁੱਖ ਮੰਤਰੀ ਨੇ ਅਕਾਲੀ ਆਗੂਆਂ ਨੂੰ ਆਖਿਆ ਕਿ ਉਹ ਦਿੱਲੀ ਜਾ ਕੇ ਉਥੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਚੱਕਾ ਜਾਮ ਕਿਉਂ ਨਹੀਂ ਕਰਦੇ ਜਿਨ੍ਹਾਂ ਨੇ ਕਾਰਪੋਰੇਟ ਘਰਾਣਿਆਂ ਕੋਲ ਪੰਜਾਬ ਦੇ ਕਿਸਾਨਾਂ ਦੇ ਹਿੱਤ ਵੇਚ ਦਿੱਤੇ ਹਨ। ਮੁੱਖ ਮੰਤਰੀ ਨੇ ਚੁਣੌਤੀ ਦਿੱਤੀ ਕਿ ਜੇ ਅਕਾਲੀ ਦਲ ਕਿਸਾਨੀ ਪ੍ਰਤੀ ਫਿਕਰਮੰਦ ਹੈ ਤਾਂ ਉਹ ਕੇਂਦਰ ਸਰਕਾਰ ਨਾਲੋਂ ਆਪਣਾ ਨਾਤਾ ਤੋੜੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਕਿਸਾਨਾਂ ਨਾਲ ਖੜ੍ਹਨ ਦਾ ਪਾਖੰਡ ਕਰ ਰਹੇ ਹਨ।