ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਗਾਮੀ ਸੁਤੰਤਰਤਾ ਦਿਵਸ-2024 ਦੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਚਲਾਈਆਂ ਜਾ ਰਹੀਆਂ ਵਿਸ਼ੇਸ਼ ਮੁਹਿੰਮਾਂ ਦੌਰਾਨ, ਪੰਜਾਬ ਪੁਲਿਸ ਨੇ ਪਾਕਿਸਤਾਨ ਸਥਿਤ ਤਸਕਰ ਰਾਣਾ ਦਿਆਲ ਨਾਲ ਸਬੰਧਤ ਇੱਕ ਕਾਰਕੁੰਨ ਨੂੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। 


ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਰਾਜਵੰਤ ਸਿੰਘ ਉਰਫ ਰਾਜੂ ਵਾਸੀ ਪਿੰਡ ਅਟਲਗੜ੍ਹ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਕਤ ਦੇ ਕਬਜ਼ੇ ’ਚੋਂ ਦੋ ਮੈਗਜ਼ੀਨਾਂ ਸਮੇਤ ਦੋ ਆਧੁਨਿਕ 9 ਐਮਐਮ ਗਲੌਕ ਪਿਸਤੌਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਸਦਾ ਮੋਟਰਸਾਈਕਲ ਸੀਟੀ-100 (ਪੀਬੀ02 ਏਐਲ 7481), ਜਿਸ ’ਤੇ ਉਹ ਖੇਪ ਦੀ ਡਿਲਿਵਰੀ ਕਰਨ ਜਾ ਰਿਹਾ ਸੀ, ਵੀ ਜ਼ਬਤ ਕੀਤਾ ਹੈ।


  ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ ਮਿਲੀ ਸੀ ਕਿ ਰਾਜਵੰਤ ਸਿੰਘ ਰਾਜੂ ਨੇ ਹਾਲ ਹੀ ਵਿੱਚ ਤਸਕਰੀ ਕੀਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਪ੍ਰਾਪਤ ਕੀਤੀ ਹੈ ਅਤੇ ਉਹ ਅਟਾਰੀ-ਅੰਮ੍ਰਿਤਸਰ ਰੋਡ ਦੇ ਖੁਰਮਣੀਆਂ ਮੋੜ ਨੇੜੇ ਇੱਕ ਪਾਰਟੀ ਨੂੰ ਇਸ ਖੇਪ ਦੀ ਡਿਲਵਰੀ  ਦੇਣ ਜਾ ਰਿਹਾ ਹੈ। ਪ੍ਰਾਪਤ Çੲਤਲਾਹ   ’ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ, ਐਸ.ਐਸ.ਓ.ਸੀ. ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਯੋਜਨਾਬੱਧ ਢੰਗ ਨਾਲ ਨਿਰਧਾਰਤ ਖੇਤਰ ਦੀ ਘੇਰਾਬੰਦੀ ਕੀਤੀ ਅਤੇ ਮੁਲਜ਼ਮ ਰਾਜਵੰਤ ਰਾਜੂ ਨੂੰ ਹਥਿਆਰਾਂ ਦੀ ਖੇਪ ਸਣੇ ਕਾਬੂ ਕਰ ਲਿਆ। 



  ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਪਾਕਿ ਅਧਾਰਤ ਤਸਕਰ ਰਾਣਾ ਦਿਆਲ ਦੇ ਸਿੱਧੇ ਸੰਪਰਕ ਵਿੱਚ ਸੀ, ਜੋ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਵੱਡੀ ਖੇਪਾਂ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਭਾਰਤੀ ਖੇਤਰ ਵਿੱਚ ਪਹੁੰਚਾਉਂਦਾ ਹੈ।  ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਕੀਤੀਆਂ ਗਈਆਂ ਤਸਕਰੀ ਸਬੰਧੀ ਪਿਛਲੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


  ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਰਾਜਵੰਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਪਾਕਿ ਤਸਕਰ ਰਾਣਾ ਦਿਆਲ ਵੱਲੋਂ ਭੇਜੇ ਗਏ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਤਸਕਰੀ ਕੀਤੇ ਹਥਿਆਰ ਸਥਾਨਕ ਖਰੀਦਦਾਰਾਂ ਨੂੰ ਵੇਚਣ ਲਈ ਮੰਗਵਾਏ ਗਏ ਸਨ।


  ਇਸ ਸਬੰਧੀ  ਐਫਆਈਆਰ ਨੰਬਰ 46 ਮਿਤੀ 04.08.2024 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 25 ਅਤੇ 29, ਅਸਲਾ ਐਕਟ ਦੀ ਧਾਰਾ 25, ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 61 (2) ਤਹਿਤ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਰਿਮਾਂਡ ਹਾਸਲ ਕਰਨ ਲਈ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾਾ ਜਾਵੇਗਾ।