ਅੰਮ੍ਰਿਤਸਰ: ਏਸ਼ੀਆ ਉਪ ਮਹਾਂਦੀਪ ਵਿੱਚ ਸਸਤੀ ਹਵਾਈ ਯਾਤਰਾ ਕਰਕੇ ਜਾਣੀ ਜਾਂਦੀ ਏਅਰ ਏਸ਼ੀਆ ਨੇ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਨਵੀਂ ਉਡਾਣ ਏਅਰ ਏਸ਼ੀਆ ਐਕਸ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਡੀ7188 ਜਹਾਜ਼ ਕੁਆਲਾਲੰਪਰ ਤੋਂ ਚੱਲ ਕੇ ਆਪਣੇ ਮਿਥੇ ਸਮੇਂ ਤੋਂ 10 ਮਿੰਟ ਪਹਿਲਾਂ 10 ਵੱਜ ਕੇ 20 ਮਿੰਟ 'ਤੇ ਅੰਮ੍ਰਿਤਸਰ ਪੁੱਜਾ। ਵਾਪਸੀ 'ਤੇ ਇਹ ਉਡਾਣ ਪੌਣੇ ਬਾਰਾਂ ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 8 ਵੱਜ ਕੇ 5 ਮਿੰਟ ਤੇ ਕੁਆਲਾਲੰਪਰ ਪਹੁੰਚੀ। ਆਉਣ ਤੇ ਜਾਣ ਵਾਲੀਆਂ ਦੋਵੇਂ ਉਡਾਣਾਂ 80 ਫੀਸਦੀ ਭਰੀਆਂ ਹੋਈਆਂ ਸਨ।

 

ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਤੋਂ ਇਹ ਉਡਾਣ ਸ਼ੁਰੂ ਕਰਨ ਵਾਸਤੇ ਏਅਰ ਲਾਈਨ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਹਰ ਰੋਜ਼ ਡੇਢ ਲੱਖ ਦੇ ਕਰੀਬ ਯਾਤਰੀ ਵਿਸ਼ਵ ਭਰ ਵਿੱਚੋਂ ਆਉਂਦੇ ਹਨ। ਛੁੱਟੀਆਂ ਤੇ ਤਿਉਹਾਰਾਂ ਦੇ ਦਿਨਾਂ ਵਿੱਚ ਇਹ ਗਿਣਤੀ ਤਿੰਨ ਲੱਖ ਤੱਕ ਪਹੁੰਚ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਹ ਉਡਾਣ ਸ਼ੁਰੂ ਹੋਣ ਨਾਲ ਜਿੱਥੇ ਅੰਮ੍ਰਿਤਸਰ ਤੋਂ ਸੈਰ ਸਪਾਟੇ ਲਈ ਕੁਆਲਾਲੰਪਰ, ਬਾਲੀ, ਮੈਲਬਰਨ, ਸਿਡਨੀ, ਸਿੰਘਾਪੁਰ ਤੇ ਬੈਂਕਾਕ ਅਸਾਨੀ ਨਾਲ ਜਾ ਸਕਣਗੇ, ਉੱਥੇ ਨਿਊਜੀਲੈਂਡ, ਆਸਟਰੀਆਅਤੇ ਹੋਰ ਦੇਸ਼ਾਂ ਵਿੱਚ ਵੱਸਦੇ ਪ੍ਰਵਾਸੀ ਪੰਜਾਬੀ ਵੀ ਇਸ ਉਡਾਣ ਦਾ ਲਾਭ ਉਠਾਉਣਗੇ ਤੇ ਉਨ੍ਹਾਂ ਨੂੰ ਦਿੱਲੀ ਜਾ ਕੇ ਖੱਜਲ ਨਹੀਂ ਹੋਣਾ ਪਵੇਗਾ।

ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਵਿਦੇਸ਼ ਵੱਸਦੇ ਪ੍ਰਵਾਸੀ ਪੰਜਾਬੀ ਖੁਸ਼ ਹੋਣਗੇ, ਉੱਥੇ ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਨੂੰ ਵੱਡਾ ਹੁੰਗਾਰਾ ਮਿਲੇਗਾ ਤੇ ਇਹ ਹੁਣ ਵਿਸ਼ਵ ਪ੍ਰਸਿਧ ਸੈਲਾਨੀ ਕੇਂਦਰਾਂ ਨਾਲ ਸਿੱਧੇ ਸੰਪਰਕ ਵਿੱਚ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿੱਚ ਅਸਾਨ ਦਰਾਂ 'ਤੇ ਹਵਾਈ ਯਾਤਰਾ ਮੁਹੱਈਆ ਕਰਵਾਉਣ ਲਈ ਜਾਣੀ ਜਾਂਦੀ ਏਅਰ ਏਸ਼ੀਆ ਨੇ ਹਫਤੇ ਵਿੱਚ ਚਾਰ ਦਿਨ ਮੰਗਲਵਾਰ, ਵੀਰਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਇਹ ਉਡਾਣ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਚਲਾਈ ਹੈ।