ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਅੰਮ੍ਰਿਤਸਰ-ਰੋਮ ਦਰਮਿਆਨ ਸਿੱਧੀਆ ਉਡਾਣਾਂ ਸ਼ੁਰੂ 1 ਫਰਵਰੀ ਤੋਂ ਸ਼ਰੂ ਕਰੇਗੀ। ਇਹ ਉਡਾਣਾਂ ਫਰਵਰੀ 1, 11, 21 ਤੇ ਮਾਰਚ 4, 14 ਤੇ 24 ਨੂੰ ਰੋਮ ਲਈ ਜਾਣਗੀਆਂ ਤੇ ਅਗਲੇ ਦਿਨ ਰੋਮ ਤੋਂ ਅੰਮ੍ਰਿਤਸਰ ਵਾਪਸੀ ਉਡਾਣ ਭਰਣਗੀਆਂ।

ਇਸ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ, "8 ਜਨਵਰੀ ਇੱਕ ਹੋਰ ਇਤਿਹਾਸਕ ਦਿਨ ਸੀ ਜਦ ਏਅਰਪੋਰਟ ਤੋਂ ਪਹਿਲੀ ਵਾਰ ਤਿੰਨ ਸਿੱਧੀਆਂ ਉਡਾਣਾਂ ਇਟਲੀ ਲਈ ਰਵਾਨਾ ਹੋਈਆਂ। ਇਟਲੀ ਲਈ ਇਹਨਾਂ ਵਿਸ਼ੇਸ਼ ਚਾਰਟਰ ਉਡਾਣਾਂ ਨੂੰ ਮਿਲੇ ਵੱਡੇ ਹੁੰਗਾਰੋ ਤੋਂ ਬਆਦ ਭਾਰਤ ਦੇ ਰਾਸ਼ਟਰੀ ਕੈਰੀਅਰ ਏਅਰ ਇੰਡੀਆ ਨੇ ਵੀ ਹੁਣ ਟਵੀਟ ਕਰਕੇ ਇਕ ਵੱਡਾ ਐਲਾਨ ਕੀਤਾ ਹੈ ਕਿ ਉਹ 1 ਫਰਵਰੀ ਤੋਂ ਅੰਮ੍ਰਿਤਸਰ-ਰੋਮ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ।"

ਉਨ੍ਹਾਂ ਕਿਹਾ, "ਇਸ ਤੋਂ ਪਹਿਲਾਂ ਦਸੰਬਰ 2020 ਵਿੱਚ ਇਟਲੀ ਲਈ ਉਡਾਣਾਂ ਵਿੱਚ ਵਾਧਾ ਹੋਣ ਨਾਲ ਕਈ ਵਾਰ ਦਿਨ ਵਿੱਚ ਦੋ ਉਡਾਣਾਂ ਦੀ ਰਵਾਨਗੀ ਜਾਂ ਆਮਦ ਵੀ ਹੋਈ ਸੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੁਣ ਤੱਕ ਤਕਰੀਬਨ ਕੁੱਲ 80 ਤੋਂ ਵੱਧ ਉਡਾਣਾਂ ਅਗਸਤ 2020 ਤੋਂ ਅੰਮ੍ਰਿਤਸਰ-ਇਟਲੀ ਦਰਮਿਆਨ ਚੱਲ ਚੁੱਕੀਆਂ ਹਨ। ਇਨ੍ਹਾਂ ਸਿੱਧੀਆਂ ਉਡਾਣਾਂ ਦਾ ਸੰਚਾਲਨ ਹਵਾਈ ਅੱਡੇ ਤੋਂ ਵਿਸ਼ੇਸ਼ ਤੌਰ ‘ਤੇ ਇਟਲੀ ਲਈ ਸਿੱਧੇ ਕੌਮਾਂਤਰੀ ਸੰਪਰਕ ਲਈ ਵੱਡਾ ਹੁਲਾਰਾ ਹੈ।"