ਪਰਮਜੀਤ ਸਿੰਘ
ਅੰਮ੍ਰਿਤਸਰ: ਦੇਸ਼ ਦੀ ਸਰਬਉੱਚ ਅਦਾਲਤ ਵਿੱਚ ਅੰਮ੍ਰਿਤਧਾਰੀ ਵਕੀਲ ਨੂੰ ਕਿਰਪਾਨ ਸਮੇਤ ਜਾਣ ਦੇ ਮਾਮਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਾਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਰੋਸ ਪ੍ਰਗਟਾਇਆ ਹੈ।
ਉਨ੍ਹਾਂ ਏਬੀਪੀ ਸਾਂਝਾ ਨਾਲ ਟੈਲੀਫ਼ੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਨਿਆਂ ਦੇ ਪੁੰਜ ਦੇਸ਼ ਦੀ ਸਭ ਤੋਂ ਉੱਚ ਅਦਾਲਤ ਵਿੱਚ ਹੀ ਘੱਟ ਗਿਣਤੀਆਂ ਨਾਲ ਅਜਿਹਾ ਵਿਤਕਰਾ ਹੋਣ ਲੱਗੇਗਾ ਤਾਂ ਹੋਰ ਥਾਵਾਂ 'ਤੇ ਕੀ ਹੋਵੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਵਿਧਾਨ ਅਨੁਸਾਰ ਵੀ ਅਜਿਹਾ ਕਿਤੇ ਵੀ ਦਰਜ ਨਹੀਂ ਪਰ ਫਿਰ ਵੀ ਕਿਰਪਾਨ ਸਮੇਤ ਆਪਣੀ ਕਿਰਤ ਕਰ ਰਹੇ ਸਿੱਖ ਨੂੰ ਰੋਕਣਾ ਨਿੰਦਣਯੋਗ ਹੈ।
ਇਹ ਵੀ ਪੜ੍ਹੋ- ਭਾਰਤੀ ਸੁਪਰੀਮ ਕੋਰਟ 'ਚ ਅੰਮ੍ਰਿਤਧਾਰੀ ਵਕੀਲ ਨੂੰ ਕਿਰਪਾਨ ਸਮੇਤ ਦਾਖ਼ਲ ਹੋਣੋਂ ਰੋਕਿਆ
ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਅਤੇ ਸਭ ਨੂੰ ਪਤਾ ਹੈ ਕਿ ਅੰਮ੍ਰਿਤਧਾਰੀ ਸਿੱਖ ਇਸ ਨੂੰ ਹਮੇਸ਼ਾ ਆਪਣੇ ਅੰਗ-ਸੰਗ ਰੱਖਦੇ ਹਨ। ਉਨ੍ਹਾਂ ਦੇਸ਼ ਦੇ ਚੀਫ਼ ਜਸਟਿਸ ਤੋਂ ਮੰਗ ਕੀਤੀ ਕਿ ਦੋਸ਼ੀ ਸੁਰੱਖਿਆ ਕਰਮੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਨਾ ਕਰੇ।
ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਕਿਹਾ ਕਿ ਜਿੱਥੇ ਬਾਹਰਲੇ ਮੁਲਕਾਂ 'ਚ ਸਿੱਖ ਭਾਈਚਾਰਾ ਹਰ ਖੇਤਰ ਦੇ ਵਿੱਚ ਨਾਮਣਾ ਖੱਟ ਰਿਹਾ ਹੈ, ਉੱਥੇ ਆਪਣੇ ਹੀ ਦੇਸ਼ ਵਿੱਚ ਇਨਸਾਫ਼ ਦੇਣ ਵਾਲੇ ਅਦਾਰਰੇ ਵਿੱਚ ਸਿੱਖਾਂ ਨਾਲ ਵਿਤਕਰਾ ਬੇਹੱਦ ਸ਼ਰਮਨਾਕ ਘਟਨਾ ਹੈ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੀ ਅਜ਼ਾਦੀ ਲਈ ਸਿੱਖਾਂ ਨੇ ਵੱਧ ਕੁਰਬਾਨੀਆਂ ਕੀਤੀਆਂ ਪਰ ਸਨਮਾਨ ਦੀ ਥਾਂ ਅਜਿਹਾ ਵਤੀਰਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।