ਪੰਜਾਬ ਵਿੱਚ 2027 ਵਿੱਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਮਿਲ ਕੇ ਚੋਣ ਲੜ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਇਕ ਬਿਆਨ ਨਾਲ ਦੋਹਾਂ ਪਾਰਟੀਆਂ ਦੇ ਇਕੱਠੇ ਆਉਣ ਦੀ ਸੰਭਾਵਨਾ ਨੂੰ ਹੋਰ ਜ਼ੋਰ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਜੇ ਭਾਜਪਾ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਦੀ ਹੈ ਤਾਂ ਇਕੱਠੇ ਚੱਲਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਗਠਜੋੜ ਵਿੱਚ ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਵਿਚ ਰਹੇਗਾ। ਦੂਜੇ ਪਾਸੇ ਭਾਜਪਾ ਵੱਲੋਂ ਕਿਹਾ ਗਿਆ ਹੈ ਕਿ ਹੁਣ ਭਾਜਪਾ ਪਹਿਲਾਂ ਵਾਲੀ ਨਹੀਂ ਰਹੀ। ਭਾਵੇਂ ਗਠਜੋੜ ਹੋਵੇ ਜਾਂ ਨਾ ਹੋਵੇ, ਪਰ ਪੰਜਾਬ ਦੇ ਮੁੱਦੇ ਹੱਲ ਕੀਤੇ ਜਾਣਗੇ।

ਇਸ ਤਰ੍ਹਾਂ ਸ਼ੁਰੂ ਹੋਇਆ ਪੂਰਾ ਮਾਮਲਾ

ਅਸਲ ਵਿੱਚ, ਚੰਡੀਗੜ੍ਹ ਵਿੱਚ ਹੋਏ ਇਕ ਕਾਰਜਕ੍ਰਮ ਦੌਰਾਨ ਜਦੋਂ ਮੀਡੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੋਂ ਪੁੱਛਿਆ ਕਿ ਕੀ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀ ਲੋੜ ਹੈ, ਤਾਂ ਪਹਿਲਾਂ ਉਨ੍ਹਾਂ ਨੇ ਕਿਹਾ, "ਮੈਂ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਸਾਡਾ ਮੁੱਖ ਟੀਚਾ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਅਤੇ ਪੰਜਾਬ ਨੂੰ ਬਚਾਉਣਾ ਹੈ। ਅਕਾਲੀ ਦਲ ਹੀ ਪੰਜਾਬ ਨੂੰ ਮਜ਼ਬੂਤ ਕਰ ਸਕਦਾ ਹੈ।"

ਇਸ ਤੋਂ ਬਾਅਦ ਜਦੋਂ ਮੀਡੀਆ ਨੇ ਕਿਹਾ ਕਿ ਵੋਟ ਪਰਸੈਂਟਜ ਦੇ ਹਿਸਾਬ ਨਾਲ ਭਾਜਪਾ ਅਤੇ ਅਕਾਲੀ ਦਲ ਦੀ ਚੰਗੀ ਬਣਦੀ ਹੈ, ਤਾਂ ਭੂੰਦੜ ਨੇ ਜਵਾਬ ਦਿੱਤਾ, "ਚੋਣਾਂ ਵੋਟ ਪਰਸੈਂਟਜ 'ਤੇ ਨਹੀਂ, ਸਿਧਾਂਤਾਂ ਦੇ ਆਧਾਰ 'ਤੇ ਲੜੀਆਂ ਜਾਂਦੀਆਂ ਹਨ।"

ਫਿਰ ਜਦੋਂ ਮੀਡੀਆ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਦੋਹਾਂ ਪਾਰਟੀਆਂ ਦਾ ਗਠਜੋੜ ਹੋਣਾ ਚਾਹੀਦਾ ਹੈ, ਤਾਂ ਉਨ੍ਹਾਂ ਨੇ ਕਿਹਾ, "ਜੇ ਸਾਡੇ ਮੁੱਦੇ ਹੱਲ ਹੋ ਜਾਣ, ਤਾਂ ਇਸ ਬਾਰੇ ਅੱਗੇ ਵਿਚਾਰ ਕੀਤਾ ਜਾ ਸਕਦਾ ਹੈ। ਇਨ੍ਹਾਂ 'ਚ ਪੰਜਾਬ ਦੇ ਪਾਣੀ ਦਾ ਮੁੱਦਾ, ਬੰਦੀ ਸਿੱਖਾਂ ਦਾ ਮੁੱਦਾ, ਫੈਡਰਲ ਸਿਸਟਮ, ਬਾਰਡਰ ਖੋਲ੍ਹਣ ਦਾ ਮਸਲਾ ਅਤੇ ਫੌਜਾਂ 'ਚ ਭਰਤੀ ਵਰਗੇ ਮੁੱਦੇ ਸ਼ਾਮਿਲ ਹਨ।"

ਜਦੋਂ ਮੀਡੀਆ ਨੇ ਪੁੱਛਿਆ ਕਿ ਕੀ ਅਕਾਲੀ ਦਲ ਛੋਟੇ ਭਰਾ ਦੀ ਭੂਮਿਕਾ 'ਚ ਜਾਵੇਗਾ, ਤਾਂ ਉਨ੍ਹਾਂ ਨੇ ਸਾਫ ਕਿਹਾ, "ਜੇ ਗਏ, ਤਾਂ ਵੱਡੇ ਭਰਾ ਦੀ ਭੂਮਿਕਾ 'ਚ ਹੀ ਜਾਵਾਂਗੇ।"

ਹਾਲਾਂਕਿ, ਭਾਜਪਾ ਆਗੂ ਐੱਸ.ਐੱਸ. ਚੰਨੀ ਨੇ ਕਿਹਾ ਕਿ ਹੁਣ ਭਾਜਪਾ ਪਹਿਲਾਂ ਵਾਲੀ ਨਹੀਂ ਰਹੀ। ਭਾਜਪਾ ਸਾਰੀਆਂ ਸੀਟਾਂ 'ਤੇ ਚੋਣ ਲੜ ਚੁੱਕੀ ਹੈ। ਗਠਜੋੜ ਹੋਵੇ ਜਾਂ ਨਾ ਹੋਵੇ, ਪਰ ਪੰਜਾਬ ਦੇ ਮੁੱਦੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾ ਰਹੇ ਹਨ। ਕਈ ਮੁੱਦੇ ਹੱਲ ਵੀ ਹੋ ਚੁੱਕੇ ਹਨ।

ਕਿਸਾਨ ਅੰਦੋਲਨ ਤੋਂ ਬਾਅਦ ਦੋਹਾਂ ਹੋਏ ਵੱਖਰੇ

ਜਾਣਕਾਰੀ ਅਨੁਸਾਰ, 1996 ਤੋਂ ਪੰਜਾਬ 'ਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ-ਦੂਜੇ ਨਾਲ ਗਠਜੋੜ ਵਿਚ ਸਨ। ਪਰ 2019 ਵਿੱਚ ਜਿਵੇਂ ਹੀ ਕਿਸਾਨ ਅੰਦੋਲਨ ਸ਼ੁਰੂ ਹੋਇਆ, ਤਾਂ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ ਗਠਜੋੜ ਤੋੜ ਲਿਆ। ਇਸ ਤੋਂ ਬਾਅਦ ਦੋਹਾਂ ਪਾਰਟੀਆਂ ਵੱਖ-ਵੱਖ ਰਸਤੇ 'ਤੇ ਚੱਲ ਪਈਆਂ।

ਇਸ ਤੋਂ ਬਾਅਦ ਜਦੋਂ 2022 ਦੇ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਦੋਹਾਂ ਪਾਰਟੀਆਂ ਨੇ ਆਪਣਾ-ਆਪਣਾ ਉਮੀਦਵਾਰ ਖੜਾ ਕੀਤਾ। ਇਸ ਦੌਰਾਨ ਅਕਾਲੀ ਦਲ ਨੂੰ ਤਿੰਨ ਤੇ ਭਾਜਪਾ ਨੂੰ ਦੋ ਸੀਟਾਂ 'ਤੇ ਜਿੱਤ ਮਿਲੀ। ਇੰਝ ਹੀ ਹਾਲਤ 2024 ਦੀ ਲੋਕ ਸਭਾ ਚੋਣ ਦੌਰਾਨ ਵੀ ਰਹੀ। ਦੋਹਾਂ ਪਾਰਟੀਆਂ ਵੱਖ-ਵੱਖ ਚੋਣ ਲੜੀਆਂ। ਅਕਾਲੀ ਦਲ ਸਿਰਫ ਇੱਕ ਸੀਟ ਬਠਿੰਡਾ ਤੋਂ ਜਿੱਤ ਸਕਿਆ।

ਇੱਥੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਚੋਣ ਜਿੱਤ ਗਈ। ਪਰ ਭਾਜਪਾ ਨੂੰ ਹਾਰ ਮਿਲੀ। ਹਾਲਾਂਕਿ ਭਾਜਪਾ ਦਾ ਵੋਟ ਪਰਸੈਂਟ18 ਫੀਸਦੀ ਹੋ ਗਿਆ। ਕਿਹਾ ਗਿਆ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਮਿਲਕੇ ਚੋਣ ਲੜਦੇ ਤਾਂ ਦੋਹਾਂ ਪਾਰਟੀਆਂ ਪੰਜ ਸੀਟਾਂ ਜਿੱਤ ਸਕਦੀਆਂ ਸਨ।