ਰੂਪਨਗਰ: ਕੁੰਵਰ ਵਿਜੇ ਪ੍ਰਤਾਪ ਦੀ ਐਸਆਈਟੀ ਵਿੱਚ ਮੁੜ ਬਹਾਲੀ ਲਈ ਕੇਂਦਰੀ ਚੋਣ ਕਮਿਸ਼ਨ ਕੋਲ ਗਏ ਸਰਬ ਦਲ ਵਫ਼ਦ ਖ਼ਿਲਾਫ਼ ਅਕਾਲੀ ਦਲ ਨੇ ਖ਼ੂਬ ਭੜਾਸ ਕੱਢੀ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਲਜ਼ਾਮ ਲਾਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਅੱਜ 'ਆਪ' ਤੇ ਕਾਂਗਰਸ ਨੇ ਸਾਂਝੇ ਵਫ਼ਦ ਵਜੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਆਪਣਾ ਮੰਗ ਪੱਤਰ ਸੌਂਪਿਆ ਤੇ ਕੁੰਵਰ ਵਿਜੇ ਪ੍ਰਤਾਪ ਦੀ ਮੁੜ ਬਹਾਲੀ ਦੀ ਮੰਗ ਕੀਤੀ।


ਜ਼ਰੂਰ ਪੜ੍ਹੋ- ਕੁੰਵਰ ਵਿਜੇ ਪ੍ਰਤਾਪ ਦੀ ਹੋਏਗੀ ਮੁੜ ਬਹਾਲੀ? 'ਆਪ' ਤੇ ਕਾਂਗਰਸ ਨੇ ਲਾਏ ਦਿੱਲੀ ਡੇਰੇ

ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਰੋਕਣ ਲਈ ਸ਼ਿਕਾਇਤ ਨਹੀਂ ਦਿੱਤੀ ਸੀ। ਬਲਕਿ ਕੁੰਵਰ ਵਿਜੇ ਪ੍ਰਤਾਪ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੇ ਜਾਣ ਸਬੰਧੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਮਗਰੋਂ ਕੋਈ ਵੀ ਅਧਿਕਾਰੀ ਇੰਟਰਵਿਊ ਨਹੀਂ ਦੇਖ ਸਕਦਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਮੀਡੀਆ ਇੰਟਰਵਿਊ ਰਾਹੀਂ ਸਿਆਸੀ ਨਿਸ਼ਾਨੇ ਲਾਏ ਸਨ। ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਸੀ।

ਉਨ੍ਹਾਂ ਸਵਾਲ ਚੁੱਕਿਆ ਕਿ ਕੀ ਐਸਆਈਟੀ ਕੁੰਵਰ ਵਿਜੇ ਪ੍ਰਤਾਪ ਹੀ ਜਾਂਚ ਕਰਨ ਦੇ ਸਮਰੱਥ ਹੈ, ਜੋ ਡੀਜੀਪੀ, ਐਸਆਈਟੀ ਮੁਖੀ ਸਮੇਤ ਪੂਰੇ ਪੁਲਿਸ ਵਿਭਾਗ ਦੀ ਹੇਠੀ ਕਰਵਾ ਰਿਹਾ ਹੈ। ਚੀਮਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣ ਮਗਰੋਂ ਕਾਂਗਰਸ ਝੂਠ ਦਾ ਪ੍ਰਚਾਰ ਕਰ ਰਹੀ ਹੈ ਕਿ ਅਕਾਲੀ ਦਲ ਨੇ ਜਾਂਚ ਰੁਕਵਾਉਣ ਲਈ ਸ਼ਿਕਾਇਤ ਕੀਤੀ, ਜੋ ਕਿ ਗ਼ਲਤ ਹੈ।