Shiromani Akali Dal-BJP Alliance: ਪੰਜਾਬ ਵਿੱਚ ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁੜ ਗਠਜੋੜ ਦੀਆਂ ਅਟਕਲਾਂ ਦੌਰਾਨ ਕਾਂਗਰਸ ਨੇ ਤਿੱਖਾ ਵਾਰ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਦੋਵਾਂ ਦਾ ਜਲਦੀ ਹੀ ਗਠਜੋੜ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਤੇ ਬੀਜੇਪੀ ਹਮੇਸ਼ਾ ਇਕੱਠੇ ਹੀ ਰਹੇ ਹਨ। ਦੋਵੇਂ ਧਿਰਾਂ ਨੇ ਕਿਸਾਨ ਅੰਦੋਲਨ ਦੌਰਾਨ ਸਿਰਫ਼ ਦਿਖਾਵੇ ਲਈ ਵੱਖ ਹੋਣ ਦਾ ਡਰਾਮਾ ਕੀਤਾ ਸੀ।
ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਕਦੇ ਵੀ ਅਕਾਲੀ ਦਲ ਤੋਂ ਵੱਖ ਨਹੀਂ ਹੋਈ। ਮੰਤਰੀ ਦਾ ਅਹੁਦਾ ਛੱਡਣ ਮਗਰੋਂ ਵੀ ਹਰਸਿਮਰਤ ਕੌਰ ਬਾਦਲ ਕੋਲ ਉਹੀ ਕੋਠੀ ਤੇ ਤਾਮਝਾਮ ਸੀ। ਉਨ੍ਹਾਂ ਦੇ ਗਠਜੋੜ ਦਾ ਸਮਝੌਤਾ ਪਹਿਲਾਂ ਹੀ ਤੈਅ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕ ਤੇ ਹਿੰਦੂ ਉਨ੍ਹਾਂ ਦੀ ਅਸਲੀਅਤ ਜਾਣਦੇ ਹਨ, ਜਿਸ ਕਰਕੇ ਵੋਟਰ ਹੁਣ ਉਨ੍ਹਾਂ 'ਤੇ ਭਰੋਸਾ ਨਹੀਂ ਕਰਨਗੇ।
ਉਧਰ, ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਰਾਜਾ ਵੜਿੰਗ ਤਾਂ ਆਪਣੀ ਪਾਰਟੀ ਬਾਰੇ ਵੀ ਕੁਝ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੂੰ ਕਦੋਂ ਹਟਾ ਕੇ ਘਰ ਬੈਠਾ ਦਿੱਤਾ ਜਾਏਗਾ। ਇਸ ਦੇ ਬਾਵਜੂਦ ਦੂਜੀ ਧਿਰ ਬਾਰੇ ਉਨ੍ਹਾਂ ਦੇ ਬਿਆਨ 'ਤੇ ਹੈਰਾਨ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਭਾਜਪਾ ਕਿਸੇ ਵੀ ਤਰ੍ਹਾਂ ਦਾ ਗਠਜੋੜ ਨਹੀਂ ਕਰੇਗੀ, ਸਗੋਂ ਚੋਣਾਂ ਇਕੱਲਿਆਂ ਹੀ ਲੜੇਗੀ।
ਦਰਅਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਾ ਗਠਜੋੜ ਹੋ ਸਕਦਾ ਹੈ। ਬੇਸ਼ੱਕ ਬੀਜੇਪੀ ਦੇ ਕੁਝ ਸਥਾਨਕ ਲੀਡਰ ਇਸ ਨਾਲ ਸਹਿਮਤ ਨਹੀਂ ਪਰ ਕੇਂਦਰੀ ਲੀਡਰਸ਼ਿਪ ਇਸ ਲਈ ਰਾਜੀ ਹੈ। ਸ਼੍ਰੋਮਣੀ ਅਕਾਲੀ ਦਲ ਵੀ ਭਾਰਤੀ ਜਨਤਾ ਪਾਰਟੀ ਪ੍ਰਤੀ ਨਰਮ ਪੈ ਗਿਆ ਹੈ।
ਮੀਡੀਆ ਰਿਪੋਰਟਾਂ ਵਿੱਚ ਚਰਚਾ ਹੈ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਤੈਅ ਹਨ। ਦੋਵਾਂ ਪਾਰਟੀਆਂ ਵਿਚਾਲੇ ਸੀਟ ਫਾਰਮੂਲੇ ਤੋਂ ਲੈ ਕੇ ਚੋਣ ਰਣਨੀਤੀ ਤੱਕ ਸਭ ਕੁਝ ਤੈਅ ਹੋ ਗਿਆ ਹੈ। ਹੁਣ ਸਿਰਫ਼ ਗੱਠਜੋੜ ਦੇ ਐਲਾਨ ਦੀ ਹੀ ਉਡੀਕ ਹੈ। ਉਂਝ ਦੋਵਾਂ ਧਿਰਾਂ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।