Ardaas at Sri Harmandir Sahib  - ਨਸ਼ਿਆਂ ਦੇ ਖਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਅਰਦਾਸ 'ਤੇ ਅਕਾਲੀ ਦਲ ਨੇ ਸਵਾਲ ਖੜ੍ਹੇ ਕੀਤੇ ਹਨ। ਇਸ ਤੋਂ ਇਲਾਵਾ ਕਾਂਗਰਸ ਨੇ ਵੀ ਸਰਕਾਰ 'ਤੇ ਨਿਸ਼ਾਨਾਂ ਸਾਧਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ - ਇਹ ਕਿਹੋ ਜਿਹਾ "ਬਦਲਾਅ" ? ਸਰਕਾਰ ਬਣਾਉਣੀ ਸੀ ਤਾਂ ਕਹਿੰਦੇ “ਵਿਸ਼ਵਾਸ ਕਰੋ" ਹੁਣ ਹੱਥ ਖੜ੍ਹੇ ਕਰਕੇ ਕਹਿੰਦੇ “ਅਰਦਾਸ ਕਰੋ" ।



ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨ ਸਾਧਦੇ ਹੋਏ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਤਾਂ ਆਪ ਵਾਲੇ ਆਖ ਰਹੇ ਸਨ ਕਿ ਸਾਡੇ 'ਤੇ ਵਿਸ਼ਵਾਸ਼ ਕਰੇ ਅਸੀਂ ਨਸ਼ਾਂ ਖ਼ਤਮ ਕਰ ਦੇਵਾਂਗੇ। ਪਰ ਹੁਣ ਸਰਕਾਰ ਆਖ ਰਹੀ ਹੈ ਕਿ ਸਾਡੇ ਨਾਲ ਅਰਦਾਸ ਕਰੋ। 



ਸੁਖਬੀਰ ਬਾਦਲ ਦੇ ਇਹਨਾਂ ਸਵਾਲਾਂ ਦਾ ਜਵਾਬ ਆਮ ਆਦਮੀ ਪਾਰਟੀ ਨੇ ਵੀ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ -  ਬਾਦਲ ਸਾਹਿਬ ਵੈਸੇ ਇਹ ਕੈਸਾ 'ਹਲਕਾਅ' ਹੁਣ ਤੁਸੀਂ ਹੰਕਾਰ, ਨਫ਼ਰਤ, ਨਿਰਾਸ਼ਾ ਵਿੱਚ ਇੰਨੇ ਡਿੱਗ ਚੁੱਕੇ ਹੋ ਕੇ ਤੁਸੀ ਗੁਰੂ ਸਾਹਿਬ ਅੱਗੇ ਕੀਤੀ ਜਾਣ ਵਾਲੀ ਅਰਦਾਸ ਉੱਤੇ ਵੀ ਕਿੰਤੂ ਪ੍ਰੰਤੂ ਕਰ ਰਹੇ ਹੋ, ਸ਼ਾਇਦ ਤੁਹਾਨੂੰ ਅਰਦਾਸ ਬੇਨਤੀ ਦਾ ਮਹਾਤਮ ਅਤੇ ਅਪਾਰ ਸ਼ਕਤੀ ਦਾ ਗਿਆਨ ਨਹੀਂ ਹੈ।


ਖ਼ੈਰ ਅਸੀਂ ਤੁਹਾਡੇ ਤੋਂ ਹੋਰ ਉਮੀਦ ਵੀ ਕੀ ਕਰ ਸਕਦੇ ਆ ਕਿਉਂ ਕਿ ਤੁਹਾਡੇ ਰਾਜ ਵਿੱਚ, ਤੁਹਾਡੇ ਕੋਲੋਂ ਤੇ ਨਸ਼ਿਆਂ ਦੇ ਕੋੜ੍ਹ ਖਿਲਾਫ ਅਰਦਾਸ ਵੀ ਨਾ ਜੁੜੀ। ਅਸੀਂ ਤੁਹਾਡੇ ਵੱਲੋਂ ਵਗਾਏ ਨਸ਼ਿਆਂ ਦੇ ਦਰਿਆ ਨੂੰ ਖ਼ਤਮ ਕਰਨ ਵਿੱਚ ਵਿਸ਼ਵਾਸ ਕਰਦੇ ਹਾਂ। ਇਸ ਕਰਕੇ ਅਕਾਲ ਪੁਰਖ਼ ਅੱਗੇ ਅਰਦਾਸ ਕਰਦੇ ਹਾਂ।




ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਸ਼ਤਿਹਾਰਬਾਜ਼ੀ 'ਤੇ ਸਵਾਲ ਖੜ੍ਹੇ ਕੀਤੇ ਹਨ। ਨਵਜੋਤ ਸਿੱਧੂ ਨੇ ਲਿਖਿਆ ਕਿ - Prayer For Publicity With Public Funds, ਕਰੋੜਾਂ ਲੋਕ ਬਗੈਰ ਜਤਾਏ ਆਤਮਿਕ ਸੁੱਖ ਤੇ ਸਰਬੱਤ ਦੇ ਭਲੇ ਲਈ ਗੁਰੂ ਅੱਗੇ ਦੁਨੀਆ ਭਰ 'ਚ ਅਰਦਾਸ ਕਰਦੇ ਹਨ। 


ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਪਹਿਲੇ ਹੋ ਜਿਹੜੇ ਜਤਾ ਕੇ, ਇਸ਼ਤਿਹਾਰਬਾਜ਼ੀ ਕਰਕੇ,  ਪਬਲੀਸਿਟੀ ਲਈ ਅਰਦਾਸ ਕਰ ਰਹੇ ਹੋ, ਕੋਈ ਤਾਂ ਮੌਕਾ ਇਸ਼ਤਿਹਾਰਬਾਜ਼ੀ ਦਾ ਛੱਡ ਦਿਓ, ਤੁਸੀ ਲੋਕਾਂ ਦੇ ਮੁੱਖ ਮੰਤਰੀ ਹੋ ਜਾਂ ਅਖਬਾਰੀ ਮੁੱਖ ਮੰਤਰੀ?