ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਗਾਣੇ SYL ਅਤੇ ਕਿਸਾਨਾਂ ਦੇ ਟਵਿਟਰ ਅਕਾਊਂਟ ਤੋਂ ਬਾਅਦ ਹੁਣ ਦੇਸ਼ ਵਿਦੇਸ਼ 'ਚ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖਾਲਸਾ ਦਾ ਟਵਿਟਰ ਆਊਂਟ ਭਾਰਤ 'ਚ ਬੈਨ ਕਰ ਦਿੱਤਾ ਗਿਆ ਸੀ। ਇਸ ਦੀ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਨਿੰਦਾ ਕੀਤੀ ਹੈ।


ਅਕਾਲੀ ਦਲ ਨੇ ਟਵੀਟ ਕਰਕੇ ਕਿਹਾ, " ਰਵੀ ਸਿੰਘ ਦੇ ਟਵਿੱਟਰ ਅਕਾਊਂਟ 'ਤੇ ਪਾਬੰਦੀ ਸਪੱਸ਼ਟ ਤੌਰ 'ਤੇ ਗੈਰਵਾਜਬ ਅਤੇ ਗਲਤ ਹੈ। ਅਕਾਲੀ ਦਲ ਨੇ ਹਮੇਸ਼ਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਲੜਾਈ ਲੜੀ ਹੈ, ਖਾਸ ਤੌਰ 'ਤੇ ਜਦੋਂ ਪ੍ਰਗਟਾਇਆ ਗਿਆ ਵਿਚਾਰ ਜਾਇਜ਼ ਹੈ ਅਤੇ ਸਮਾਜ ਦੇ ਹਿੱਤਾਂ ਅਤੇ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਹੈ। ਅਸੀਂ ਇਸ ਪਾਬੰਦੀ ਨੂੰ ਰੱਦ ਕਰਨ ਦੀ ਅਪੀਲ ਕਰਦੇ ਹਾਂ।"


 









ਸੁਖਬੀਰ ਬਾਦਲ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ #KhalsaAid ਦੇ ਸੰਸਥਾਪਕ ਰਵੀ ਸਿੰਘ ਦੇ ਟਵਿੱਟਰ ਅਕਾਉਂਟ 'ਤੇ ਪਾਬੰਦੀ ਦੀ ਸਖ਼ਤ ਨਿੰਦਾ ਕਰਦਾ ਹੈ, ਜੋ ਕਿ ਵਿਸ਼ਵ ਭਰ ਵਿੱਚ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਜਾਣੇ ਜਾਂਦੇ ਹਨ। ਇਸ ਨਾਲ ਭਾਰਤ ਦਾ ਇੱਕ ਅਜਿਹੇ ਦੇਸ਼ ਵਜੋਂ ਗਲਤ ਪ੍ਰਭਾਵ ਪੈਦਾ ਹੋਇਆ ਹੈ ਜੋ ਬੋਲਣ ਅਤੇ ਪ੍ਰਗਟਾਵੇ ਦੇ ਅਧਿਕਾਰ ਨੂੰ ਘਟਾ ਰਿਹਾ ਹੈ। ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।"


 









 


ਰਵੀ ਸਿੰਘ ਖਾਲਸਾ ਨੇ ਆਪਣੇ ਪੋਸਟ 'ਚ ਲਿਖਿਆ ਕਿ ਉਨ੍ਹਾਂ ਦਾ ਟਵਿਟਰ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਲਿਖਿਆ ਕਿ ਬੀਜੇਪੀ ਦੇ ਅਧੀਨ ਲੋਕਤੰਤਰ ਦਾ ਅਸਲੀ ਚਿਹਰਾ ਹੈ। ਸਿੱਖ ਸੋਸ਼ਲ ਮੀਡੀਆ ਅਕਾਊਂਟ ‘ਤੇ ਬੈਨ ਲਾਉਣ ਨਾਲ ਆਵਾਜ਼ਾਂ ਉੱਠਣ ਤੋਂ ਰੋਕਿਆ ਨਹੀਂ ਜਾ ਸਕਦਾ। ਅਸੀਂ ਹੋਰ ਉੱਚੀ ਆਵਾਜ਼ਾਂ ਉਠਾਵਾਂਗੇ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੰਗਰੂਰ ਜ਼ਿਮਨੀ ਚੋਣਾਂ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ SYL ਗਾਣਾ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਇਸ ਦਾ ਕਾਰਨ ਵੀ ਸਰਕਾਰ ਤੋਂ ਲੀਗਲ ਸ਼ਿਕਾਇਤ ਦੱਸਿਆ ਗਿਆ ਸੀ। ਇਸ ਗਾਣੇ ਵਿੱਚ ਹਰਿਆਣਾ ਤੇ ਪੰਜਾਬ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਉਠਾਇਆ ਗਿਆ ਸੀ।


ਇਸ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ (Tractor2twitr) ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਇਸ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।