ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 29 ਜੁਲਾਈ ਨੂੰ ਪਾਰਟੀ ਦੀਆਂ ਤਿੰਨ ਮਹੱਤਵਪੂਰਨ ਮੀਟਿੰਗਾਂ ਬੁਲਾਈਆਂ ਹਨ, ਜੋ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਣਗੀਆਂ। ਪਹਿਲੀ ਮੀਟਿੰਗ ਜ਼ਿਲ੍ਹਾ ਪ੍ਰਧਾਨਾਂ ਦੀ, ਦੂਜੀ ਦੁਪਹਿਰ 2 ਵਜੇ ਵਰਕਿੰਗ ਕਮੇਟੀ ਦੀ ਅਤੇ ਆਖਰੀ ਸ਼ਾਮ 4 ਵਜੇ ਕੋਰ ਕਮੇਟੀ ਦੀ ਹੋਵੇਗੀ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਵਿੱਚ ਲੈਂਡ ਪੂਲਿੰਗ, ਸਰਕਾਰ ਦੀਆਂ ਨਾਕਾਮੀਆਂ, ਭ੍ਰਿਸ਼ਟਾਚਾਰ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤੇ ਵਿਚਾਰ-ਚਰਚਾ ਹੋਵੇਗੀ।

ਤਿਆਰ ਕੀਤੀਆਂ ਜਾਣਗੀਆਂ ਅੱਗੇ ਦੀਆਂ ਰਣਨੀਤੀਆਂ

ਇਸਦੇ ਨਾਲ ਹੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਖ਼ਿਲਾਫ਼ ਅਕਾਲੀ ਦਲ ਦੀ ਅੱਗੇ ਦੀ ਯੋਜਨਾ 'ਤੇ ਵੀ ਵਿਚਾਰ ਹੋਵੇਗਾ। ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਬਣਾਉਣ ਦੀ ਯੋਜਨਾ ਬਣਾਈ ਜਾਵੇਗੀ। ਸੁਖਬੀਰ ਸਿੰਘ ਬਾਦਲ ਅਪ੍ਰੈਲ 2025 ਵਿੱਚ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ।

ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰਧਾਨ, ਵਰਕਿੰਗ ਕਮੇਟੀ ਅਤੇ ਕੋਰ ਕਮੇਟੀ ਦੀ ਰਚਨਾ ਕਰਨ ਤੋਂ ਬਾਅਦ ਹੁਣ ਤਿੰਨਾਂ ਕਮੇਟੀਆਂ ਦੀ ਮੀਟਿੰਗ ਬੁਲਾਈ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਹਰ ਮਸਲੇ 'ਤੇ ਅਕਾਲੀ ਦਲ ਨੂੰ ਘੇਰ ਰਹੀ ਹੈ। ਹਾਲ ਹੀ 'ਚ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ 'ਚ ਨਸ਼ਾ ਤਸਕਰੀ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਨ੍ਹਾਂ ਦੇ ਨਾਲ, ਬੇਅਦਬੀ ਮਾਮਲਿਆਂ ਲਈ ਅਕਾਲੀ ਦਲ ਤੇ ਕਾਂਗਰਸ ਦੋਹਾਂ ਨੂੰ ਦੋਸ਼ੀ ਦੱਸਿਆ ਗਿਆ। ਹੁਣ ਪਾਰਟੀ ਨੂੰ ਨਵੀਂ ਰਣਨੀਤੀ ਬਣਾਉਣੀ ਪੈ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਸਤੰਬਰ 2020 ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਕਰਕੇ ਟੁੱਟ ਗਿਆ ਸੀ। ਇਸ ਤੋਂ ਬਾਅਦ 2022 ਦੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਕੇਵਲ 3 ਤੇ ਭਾਜਪਾ ਨੂੰ 2 ਸੀਟਾਂ ਮਿਲੀਆਂ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਬਹੁਮਤ ਨਾਲ ਸਰਕਾਰ ਬਣਾਈ। ਫਿਰ 2024 ਦੀ ਲੋਕ ਸਭਾ ਚੋਣ ਵਿੱਚ ਅਕਾਲੀ ਦਲ ਨੂੰ ਕੇਵਲ 1 ਸੀਟ (ਬਠਿੰਡਾ) ਮਿਲੀ, ਆਪ ਨੂੰ 3, ਕਾਂਗਰਸ ਨੂੰ 7 ਤੇ 2 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ। ਹਾਲ ਦੇ ਵਿੱਚ ਪੰਜਾਬ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ-ਅਕਾਲੀ ਦਲ ਗਠਜੋੜ ਦੀ ਹਮਾਇਤ ਕੀਤੀ ਸੀ। ਪਰ ਗਠਜੋੜ ਨੂੰ ਲੈ ਕੇ ਪਾਰਟੀ ਦੇ ਅੰਦਰ ਹੀ ਵੱਖਰੇ-ਵੱਖਰੇ ਸੁਰ ਨਜ਼ਰ ਆ ਰਹੇ ਹਨ। 

 

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।