Punjab News: ਬੇਅਦਬੀ ਦੇ ਮੁੱਦੇ ’ਤੇ ਪੰਜਾਬ ਦਾ ਸਿਆਸੀ ਪਾਰਾ ਮੁੜ ਚੜ੍ਹਨ ਲੱਗਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸਾਲ ਹੋ ਗਿਆ ਹੈ ਪਰ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ’ਤੇ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਹੁਣ ਗੋਲੀ ਕਾਂਡ ਦੇ ਪੀੜਤਾਂ ਨੇ ਕਈ ਸਿੱਖ ਸੰਗਠਨਾਂ ਨਾਲ ਮਿਲ ਕੇ ਫਰੀਦਕੋਟ ਜ਼ਿਲ੍ਹੇ ਵਿੱਚੋਂ ਲੰਘਦਾ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਜਲਦੀ ਨਿਆਂ ਨਾ ਦਿੱਤਾ ਗਿਆ ਤਾਂ ਹੋਰ ਜਾਮ ਲਾਏ ਜਾਣਗੇ।
ਇਸ ਮਗਰੋਂ ਭਗਵੰਤ ਮਾਨ ਸਰਕਾਰ ਵੀ ਚੌਕਸ ਹੋ ਗਈ ਹੈ। ‘ਆਪ’ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਮੁਜ਼ਾਹਰਾਕਾਰੀਆਂ ਨੂੰ ਯਕੀਨ ਦਿਵਾਇਆ ਹੈ ਕਿ ਸਰਕਾਰ ਆਪਣੀ ਵਚਨਬੱਧਤਾ ਪੂਰੀ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਸਰਕਾਰ ਵੇਲੇ ਪੁਲਿਸ ਜਾਂਚ ਵਿੱਚ ਸਿਆਸੀ ਦਖ਼ਲ ਸੀ, ਪਰ ‘ਆਪ’ ਸਰਕਾਰ ਨਿਆਂ ਦੇਣ ਪ੍ਰਤੀ ਵਚਨਬੱਧ ਹੈ, ਤੇ ਨਿਰੱਪਖ ਜਾਂਚ ਹੋ ਰਹੀ ਹੈ।
ਦੱਸ ਦਈਏ ਕਿ ਬੇਅਦਬੀ ਮਾਮਲਿਆਂ ਖ਼ਿਲਾਫ਼ ਰੋਸ ਜ਼ਾਹਿਰ ਕਰਨ ਵਾਲਿਆਂ ’ਤੇ ਪੁਲਿਸ ਵੱਲੋਂ 2015 ਵਿਚ ਗੋਲੀ ਚਲਾਈ ਗਈ ਸੀ। ਇਹ ਘਟਨਾਵਾਂ ਬਹਿਬਲ ਕਲਾਂ ਤੇ ਕੋਟਕਪੂਰਾ ਵਿਚ ਵਾਪਰੀਆਂ ਸਨ। ਪੁਲਿਸ ਨੇ ਇਨ੍ਹਾਂ ਕੇਸਾਂ ਦੀ ਜਾਂਚ ਆਰੰਭੀ ਸੀ। ਹਾਲਾਂਕਿ ਮੁਜ਼ਾਹਰਾਕਾਰੀ ਦਸੰਬਰ 2021 ਤੋਂ ਬਹਿਬਲ ਕਲਾਂ ਵਿੱਚ ਧਰਨੇ ਉਤੇ ਬੈਠੇ ਹਨ, ਪਰ ਹੁਣ ਉਨ੍ਹਾਂ ਦੇ ਕੌਮੀ ਮਾਰਗ ’ਤੇ ਆਉਣ ਨਾਲ ਸੰਘਰਸ਼ ਤਿੱਖਾ ਹੋ ਗਿਆ ਹੈ।
ਅਹਿਮ ਗੱਲ ਇਹ ਹੈ ਕਿ ‘ਆਪ’ ਲਈ ਮੁਸੀਬਤਾਂ ਵਿੱਚ ਉਦੋਂ ਵਾਧਾ ਹੋਇਆ ਜਦ ਪਾਰਟੀ ਦੇ ਹੀ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਤਿੰਨ ਦਿਨ ਪਹਿਲਾਂ ਧਰਨਾਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਨਿਆਂ ਵਿੱਚ ਦੇਰੀ ’ਤੇ ਨਿਰਾਸ਼ਾ ਜਤਾਈ। ਕੁਝ ਰਿਪੋਰਟਾਂ ਮੁਤਾਬਕ ‘ਆਪ’ ਵਿਧਾਇਕ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਆਸ ਨਹੀਂ ਹੈ ਕਿ ਪੁਲਿਸ ਗੋਲੀਬਾਰੀ ਤੇ ਬੇਅਦਬੀ ਦੇ ਜ਼ਿੰਮੇਵਾਰਾਂ ਨੂੰ ਕਦੇ ਸਜ਼ਾ ਮਿਲ ਸਕੇਗੀ। ਵਿਜੈ ਪ੍ਰਤਾਪ ਨੇ ਹਾਲ ਹੀ ਵਿਚ ਇਸ ਮਾਮਲੇ ਵਿੱਚ ਵਿਧਾਨ ਸਭਾ ਦੀ ਇਕ ਕਮੇਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ।
ਬਹਿਬਲ ਕਲਾਂ ਵਿਚ ਪੁਲਿਸ ਗੋਲੀਬਾਰੀ (2015) ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਦਾ ਪੁੱਤਰ ਸੁਖਰਾਜ ਸਿੰਘ ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਿਹਾ ਹੈ। ਸੁਖਰਾਜ ਨੇ ਕਿਹਾ ਕਿ ਕਾਂਗਰਸੀਆਂ ਤੇ ਅਕਾਲੀਆਂ ਵਾਂਗ ‘ਆਪ’ ਸਰਕਾਰ ਵੀ ਸਿਰਫ਼ ਦੇਰੀ ਹੀ ਕਰ ਰਹੀ ਹੈ, ਤੇ ਨਿਆਂ ਦੇਣ ਪ੍ਰਤੀ ਗੰਭੀਰ ਨਹੀਂ ਜਾਪਦੀ। ਉਨ੍ਹਾਂ ਕਿਹਾ ਕਿ ਇਸੇ ਮੁੱਦੇ ’ਤੇ ਹੀ ਰਾਜ ਦੇ ਵੋਟਰ ‘ਆਪ’ ਦੇ ਹੱਕ ਵਿਚ ਹੋਏ ਸਨ।
ਇਸੇ ਦੌਰਾਨ ਕੋਟਕਪੂਰਾ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ‘ਸਿਟ’ ਨੇ ਕਿਹਾ ਕਿ ਜਾਂਚ ਕਾਫ਼ੀ ਹੱਦ ਤੱਕ ਮੁਕੰਮਲ ਹੋ ਗਈ ਹੈ। ਜਾਂਚ ਟੀਮ ਨੇ ਲੋਕਾਂ ਨੂੰ ਵੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ। ਸੁਖਰਾਜ ਨੇ ਕਿਹਾ ਕਿ ਜਦ ਵੀ ਉਹ ਮੁਜ਼ਾਹਰਾ ਤਿੱਖਾ ਕਰਦੇ ਹਨ, ‘ਸਿਟ’ ਦੇ ਮੈਂਬਰ ਇਸ ਤਰ੍ਹਾਂ ਦਾ ਬਿਆਨ ਜਾਰੀ ਕਰਦੇ ਹਨ ਜਾਂ ਅਪਰਾਧ ਵਾਲੀ ਥਾਂ ਦਾ ਦੌਰਾ ਕਰਦੇ ਹਨ।