ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਚਾਰ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਕਰਵਾਉਣ ਲਈ ਪੰਜਾਬ ਅੰਦਰ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ। ਇਸ ਤੋਂ ਇਲਾਵਾ ਸੁਤੰਤਰ ਤੇ ਨਿਰਪੱਖ ਚੋਣਾਂ ਕਰਾਉਣ ਲਈ ਪਾਰਟੀ ਨੇ ਸਾਰੇ ਬੂਥਾਂ ਦੀ ਵੀਡਿਓਗਰਾਫੀ ਕਰਵਾਉਣ ਦੀ ਵੀ ਮੰਗ ਕੀਤੀ ਹੈ।


ਇਸ ਸਬੰਧੀ ਇੱਕ ਮੰਗ ਪੱਤਰ ਦੇਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਮੁੱਖ ਚੋਣ ਅਧਿਕਾਰੀ ਡਾਕਟਰ ਕਰੁਣਾ ਰਾਜੂ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਕਾਂਗਰਸ ਪਾਰਟੀ ਜ਼ਿਮਨੀ ਚੋਣਾਂ ਵਾਲੇ ਚਾਰੇ ਵਿਧਾਨ ਸਭਾ ਹਲਕਿਆਂ ਅੰਦਰ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ। ਇਹੀ ਸਭ ਕੁੱਝ ਕਾਂਗਰਸ ਨੇ ਸਥਾਨਕ ਇਕਾਈਆਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਵੇਲੇ ਵੀ ਕੀਤਾ ਸੀ।


ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਇਸ ਹਥਕੰਡੇ ਨੂੰ ਨਾਕਾਮ ਕਰਨ ਲਈ ਨੀਮ ਫੌਜੀ ਦਸਤਿਆਂ ਨੂੰ ਤਾਇਨਾਤ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਸਾਰੇ ਬੂਥਾਂ ਦੀ ਅੰਦਰੋਂ ਅਤੇ ਬਾਹਰੋ ਵੀਡਿਓਗ੍ਰਾਫੀ ਕੀਤੀ ਜਾਵੇ। ਅਕਾਲੀ ਦਲ ਨੇ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਚੋਣ ਨਿਗਰਾਨਾਂ ਦੀ ਗਿਣਤੀ ਵਧਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀ ਨੇ ਅਕਾਲੀ ਵਫ਼ਦ ਨੂੰ ਭਰੋਸਾ ਦਿਵਾਇਆ ਹੈ ਕਿ ਸਾਰੇ ਬੂਥਾਂ ਦੀ ਵੀਡਿਓਗ੍ਰਾਫੀ ਕੀਤੀ ਜਾਵੇਗੀ ਅਤੇ ਸਾਰੇ ਬੂਥਾਂ ਅੰਦਰ ਮਾਈਕਰੋ ਚੋਣ ਨਿਗਰਾਨ ਤਾਇਨਾਤ ਕੀਤੇ ਜਾਣਗੇ। ਚੋਣ ਅਧਿਕਾਰੀ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਮਾਈਕਰੋ ਨਿਗਰਾਨ ਕੇਂਦਰ ਸਰਕਾਰ ਦੇ ਕਰਮਚਾਰੀ ਹੋਣਗੇ।


ਇੱਕ ਹੋਰ ਵਫ਼ਦ ਰਾਹੀਂ ਅਕਾਲੀ ਦਲ ਨੇ ਦਾਖਾ ਵਿਧਾਨ ਸਭਾ ਹਲਕੇ ਅੰਦਰ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਦਾਖਾ ਦੇ ਐਸਐਚਓ ਪ੍ਰੇਮ ਸਿੰਘ ਦਾ ਲੁਧਿਆਣਾ ਜ਼ਿਲ੍ਹੇ 'ਚੋਂ ਤਬਾਦਲਾ ਕਰਨ ਅਤੇ ਉਸ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਅਤੇ ਬੇਨਿਯਮੀਆਂ ਦੀ ਇੱਕ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਵਫ਼ਦ ਨੇ ਕਿਹਾ ਕਿ ਇਹ ਐਸਐਚਓ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਤੇ ਚੋਣਾਂ ਦੇ ਐਲਾਨ ਤੋ ਪਹਿਲਾਂ ਹੀ ਵਿਰੋਧੀਆਂ ਨੂੰ ਧਮਕਾਉਣ ਲਈ ਇਸ ਨੂੰ ਦਾਖਾ ਵਿੱਚ ਕੰਮ 'ਤੇ ਲਾ ਦਿੱਤਾ ਗਿਆ ਸੀ। ਇਸ ਨੇ ਸਥਾਨਕ ਇਕਾਈਆਂ ਦੀਆਂ ਚੋਣਾਂ ਵੇਲੇ ਬਤੌਰ ਐਸਐਚਓ ਡੇਹਲੋਂ ਵੀ ਇਹੀ ਕੁੱਝ ਕੀਤਾ ਸੀ।