ਲਹਿਰਾ (ਲੁਧਿਆਣਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ 7 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿੱਚ ਰੈਲੀ ਕਰਕੇ ਉਨ੍ਹਾਂ ਨੂੰ ਨੀਂਦ 'ਚੋਂ ਜਗਾਏਗਾ ਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰੇਗਾ। ਇਹ ਗੱਲ ਉਨ੍ਹਾਂ ਛਪਾਰ ਮੇਲੇ ਦੀ ਕਾਨਫਰੰਸ ਦੌਰਾਨ ਕਹੀ। ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਵਰਕਰਾਂ ਵਿਰੁੱਧ ਦਰਜ ਕੀਤੇ ਸਾਰੇ ਝੂਠੇ ਕੇਸਾਂ ਨੂੰ ਅਕਾਲੀ ਦਲ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ। ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪਟਿਆਲਾ ਰੈਲੀ ਪੰਜਾਬ ਦੀ ਸਿਆਸਤ ਅੰਦਰ ਨਵਾਂ ਮੋੜ ਲਿਆਵੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਮੁੱਖ ਮੰਤਰੀ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਦੀ ਜੁਆਬਦੇਹੀ ਕਰਨਗੇ। ਮੁੱਖ ਮੰਤਰੀ ਨੂੰ ਇਹ ਸਾਰੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰਨਗੇ। ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿ ਜਿੱਥੇ ਤਕ ਅਕਾਲੀ ਦਲ ਦਾ ਸਬੰਧ ਹੈ, ਪਾਰਟੀ ਦੇ ਸਾਰੇ ਉਮੀਦਵਾਰ ਜੇਤੂ ਸਨ। ਕਾਂਗਰਸ ਨੇ ਪੁਲਿਸ ਨਾਲ ਮਿਲ ਕੇ ਭਾੜੇ ਦੇ ਗੁੰਡਿਆਂ ਰਾਹੀਂ ਬਦਮਾਸ਼ੀ ਨਾਲ ਚੋਣਾਂ ਜਿੱਤੀਆਂ ਹਨ। ਉਨ੍ਹਾਂ ਰਾਜ ਚੋਣ ਕਮਿਸ਼ਨ ’ਤੇ ਵੀ ਤਿੱਖਾ ਵਾਰ ਕਰਦਿਆਂ ਕਿਹਾ ਕਿ ਕਮਿਸ਼ਨ ਵੀ ਕਾਂਗਰਸ ਦੀ ਧਿਰ ਬਣ ਗਿਆ ਸੀ। ਉਸ ਨੇ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਦਾ ਆਪਣਾ ਫਰਜ਼ ਨਹੀਂ ਨਿਭਾਇਆ। ਉਨ੍ਹਾਂ ਕਿਹਾ ਕਿ ਕੈਪਟਨ ਸਾਰੀਆਂ ਸਰਗਰਮੀਆਂ ਛੱਡ ਚੁੱਕਾ ਹੈ। ਕਿਸਾਨਾਂ ਦੀ ਫਰਿਆਦ ਸੁਣਨ ਵਾਲਾ ਕੋਈ ਨਹੀਂ, ਜਿਨ੍ਹਾਂ ਦੀਆਂ ਭਾਰੀ ਮੀਂਹ ਕਰਕੇ ਨਰਮੇ ਤੇ ਝੋਨੇ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਸੇਵਾ ਕੇਂਦਰ ਵੀ ਬੰਦ ਕਰ ਦਿੱਤੇ ਗਏ ਹਨ। ਅਕਾਲੀ-ਭਾਜਪਾ ਸਰਕਾਰ ਵੱਲੋਂ ਲੜਕੀਆਂ ਨੂੰ ਸਾਈਕਲ ਹੁਣ ਨਹੀਂ ਦਿੱਤੇ ਜਾ ਰਹੇ। ਵਰਲਡ ਕਬੱਡੀ ਕੱਪ ਵੀ ਰੱਦ ਕਰ ਦਿੱਤਾ ਗਿਆ ਹੈ। ਕਾਂਗਰਸ ਸਰਕਾਰ ਬਾਰੇ ਉਨ੍ਹਾਂ ਕਿਹਾ ਕਿ ਇਸ ਨੇ ਪਿਛਲੇ ਡੇਢ ਸਾਲ ਦੌਰਾਨ ਕੋਈ ਵੀ ਵਿਕਾਸ ਕਾਰਜ ਨਾ ਕਰਨ ਦੀ ਬਦਨਾਮੀ ਖੱਟੀ ਹੈ।