By Election in Punjab: ਪੰਜਾਬ ਵਿੱਚ ਹੋਣ ਵਾਲੀਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਐਕਸ਼ਨ ਮੋਡ ਵਿੱਚ ਆ ਗਿਆ ਹੈ। ਇਹ ਜ਼ਿਮਨੀ ਚੋਣਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਭਵਿੱਖ ਤੈਅ ਕਰਨਗੀਆਂ। ਜੇਕਰ ਲੋਕ ਸਭਾ ਚੋਣਾਂ ਵਾਂਗ ਇਨ੍ਹਾਂ ਸੀਟਾਂ ਉਪਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਕਾਰਗੁਜਾਰੀ ਰਹਿੰਦੀ ਹੈ ਤਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਖਤਰਾ ਹੋਰ ਵਧ ਜਾਏਗਾ।


ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਸੰਸਦੀ ਬੋਰਡ ਐਕਸ਼ਨ ਮੋਡ ਵਿੱਚ ਨਜ਼ਰ ਆ ਰਿਹਾ ਹੈ। ਸੰਸਦੀ ਬੋਰਡ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਸਾਰੇ ਚਾਰ ਹਲਕਿਆਂ ਦਾ ਦੌਰਾ ਕਰੇਗਾ ਤੇ ਵਿਧਾਨ ਸਭਾ ਹਲਕਿਆਂ ਤੋਂ ਫੀਡਬੈਕ ਲਵੇਗਾ। ਇਹ ਦੌਰਾ ਬੋਰਡ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਕੀਤਾ ਜਾਵੇਗਾ। ਇਸ ਦੌਰਾਨ ਬੋਰਡ ਵੱਲੋਂ 24 ਅਗਸਤ ਨੂੰ ਚੱਬੇਵਾਲ (ਹੁਸ਼ਿਆਰਪੁਰ), 27 ਅਗਸਤ ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਤੇ 28 ਅਗਸਤ ਨੂੰ ਬਰਨਾਲਾ ਦਾ ਦੌਰਾ ਕੀਤਾ ਜਾਵੇਗਾ।



ਇਸ ਦੌਰਾਨ ਬੋਰਡ ਸਾਂਝੀ ਵਰਕਰ ਮੀਟਿੰਗ ਕਰੇਗਾ ਜਿਸ ਤੋਂ ਬਾਅਦ ਸਥਾਨਕ ਆਗੂਆਂ ਨਾਲ ਮੀਟਿੰਗ ਹੋਵੇਗੀ। ਇਸ ਮੌਕੇ ਬੋਰਡ ਦੇ ਹੋਰ ਮੈਂਬਰ ਮਹੇਸ਼ ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਤੇ ਡਾ: ਦਲਜੀਤ ਸਿੰਘ ਚੀਮਾ ਵੀ ਹਾਜ਼ਰ ਹੋਣਗੇ। ਤਿੰਨ ਹਲਕਿਆਂ ਤੋਂ ਇਲਾਵਾ ਗਿੱਦੜਬਾਹਾ ਦੀ ਤਰੀਕ ਜਲਦੀ ਤੈਅ ਕੀਤੀ ਜਾਵੇਗੀ। ਡਾਕਟਰ ਦਲਜੀਤ ਸਿੰਘ ਚੀਮਾ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।



ਦੱਸ ਦਈਏ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਇਨ੍ਹਾਂ ਸੀਟਾਂ ਦੇ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਗਏ ਹਨ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਸ਼ਾਮਲ ਹਨ। ਇਨ੍ਹਾਂ ਆਗੂਆਂ ਨੇ ਵਿਧਾਨ ਸਭਾ ਤੋਂ ਅਸਤੀਫਾ ਵੀ ਦੇ ਦਿੱਤਾ ਹੈ। 


ਦੱਸ ਦਈਏ ਕਿ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਸੰਸਦ ਮੈਂਬਰ ਬਣ ਗਏ ਹਨ। ਜਦਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ, ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੇ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਹਨ।