ਚੰਡੀਗੜ੍ਹ: ਆਮ ਆਦਮੀ ਪਾਰਟੀ ਇੱਕ-ਇੱਕ ਕਰੋੜ ਰੁਪਏ 'ਚ ਟਿਕਟ ਵੇਚ ਰਹੀ ਹੈ। ਇਨ੍ਹਾਂ ਦਾ ਹਾਲ ਵੀ ਮਨਪ੍ਰੀਤ ਸਿੰਘ ਬਾਦਲ ਵਰਗਾ ਹੀ ਹੋਵੇਗਾ। 'ਆਪ' 'ਤੇ ਇਹ ਵੱਡਾ ਹਮਲਾ ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੋਲਿਆ ਹੈ। ਪੰਜਾਬ 'ਚ ਪਹਿਲੀ ਵਾਰ ਚੋਣ ਲੜਨ ਵਾਲੀ 'ਆਪ' ਅੱਜ ਅਕਾਲੀ ਦਲ ਤੇ ਕਾਂਗਰਸ ਦੋਵਾਂ ਦੇ ਹੀ ਮੁੱਖ ਨਿਸ਼ਾਨੇ 'ਤੇ ਹੈ।
ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਵੀ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ 'ਆਪ' 'ਚ ਬਗਾਵਤ ਹੋ ਚੁੱਕੀ ਹੈ। ਪਾਰਟੀ ਦੇ ਸੀਨੀਅਰ ਲੀਡਰ ਕਿੰਗਰਾ ਨੇ ਅਸਤੀਫਾ ਦੇ ਦਿੱਤਾ ਹੈ ਤੇ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਪਾਰਟੀ 'ਚੋਂ ਕੱਢਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 'ਆਪ' ਜਿਸ ਨੂੰ ਮਰਜ਼ੀ ਟਿਕਟ ਵੰਡੇ ਅਕਾਲੀ ਦਲ ਨੂੰ ਇਲ ਨਾਲ ਕੋਈ ਫਰਕ ਨਹੀਂ ਪੈਂਦਾ।
ਤੋਤਾ ਸਿੰਘ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਕਿਹਾ ਕਿ 'ਆਪ' ਬਾਹਰੀਆਂ ਦੀ ਪਾਰਟੀ ਹੈ। ਇਨ੍ਹਾਂ ਨੂੰ ਪੰਜਾਬ ਤੋਂ ਕੋਈ ਵੀ ਲੀਡਰ ਨਹੀਂ ਮਿਲਿਆ। ਬਾਹਰੀ ਲੀਡਰ ਆ ਕੇ ਪਾਰਟੀ ਚਲਾ ਰਹੇ ਹਨ। ਜਿਹੜੇ ਲੀਡਰਾਂ ਨੂੰ ਕਾਂਗਰਸ ਜਾਂ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੇ ਉਹ ਹੁਣ 'ਆਪ' 'ਚ ਸ਼ਾਮਲ ਹੋ ਰਹੇ ਹਨ।
ਪੰਜਾਬ ਦੇ ਮਾਲ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸਾਲੇ ਬਿਕਰਮ ਮਜੀਠੀਆ ਨੇ ਵੀ 'ਆਪ' 'ਤੇ ਹਮਲਾ ਬੋਲਿਆ ਹੈ। ਆਮ ਆਦਮੀ ਪਾਰਟੀ ਦੇ ਮੁੱਖ ਨਿਸ਼ਾਨੇ 'ਤੇ ਚੱਲ ਰਹੇ ਮਜੀਠੀਆ ਨੇ ਕਟਾਸ਼ ਕਰਦਿਆਂ ਕਿਹਾ ਕਿ ਇਹ ਦੋਹਰੇ ਮਾਪਦੰਡ ਅਪਣਾਉਣ ਵਾਲੀ ਪਾਰਟੀ ਹੈ। ਦਿੱਲੀ ਦੀਆਂ ਕੁਝ ਘਟਨਾਵਾਂ ਨੂੰ ਲੈ ਕੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ 'ਆਪ' ਨੇ ਹਮੇਸ਼ਾਂ ਔਰਤਾਂ ਦੀ ਸੁਰੱਖਿਆ ਦਾ ਦਾਅਵਾ ਕੀਤਾ ਪਰ ਉੱਥੇ ਸੱਚਾਈ ਕੁੱਝ ਹੋਰ ਹੈ। ਉਨ੍ਹਾਂ ਮਲੇਰਕੋਟਲਾ ਕਾਂਡ 'ਤੇ ਬੋਲਦਿਆਂ ਕਿਹਾ ਕਿ ਜੇਕਰ ਸੀਬੀਆਈ ਜਾਂਚ ਕਰਾਈ ਜਾਵੇ ਤਾਂ ਹੋਰ ਵੀ ਵੱਡੇ ਖੁਲਾਸੇ ਹੋਣਗੇ।