ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਤੀਜਾ ਦਿਨ ਵੀ ਹੰਗਾਮੇ ਦੀ ਭੇਟ ਚੜ੍ਹ ਗਿਆ। ਵੀਰਵਾਰ ਨੂੰ ਵਿਧਾਨ ਸਭਾ ਵਿੱਚ ਹੰਗਾਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਕੇ ਹੋਇਆ, ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕ ਫੂਲਕਾ ਦੀ ਸਲਾਹ ਜਚ ਗਈ। ਅਕਾਲੀ ਦਲ ਇਸ 'ਤੇ ਖ਼ਫ਼ਾ ਹੋ ਗਏ ਤੇ ਵਿਧਾਨ ਸਭਾ ਤੋਂ ਬਾਹਰ ਚਲੇ ਗਏ।
ਇਹ ਵੀ ਪੜ੍ਹੋ- ਕਾਂਗਰਸੀਆਂ ਨੂੰ ਸ਼ਰਮਸਾਰ ਕਰਨ ਲਈ ਮਜੀਠੀਆ ਨੇ ਵੰਡੇ ਖਿਡੌਣਾ ਸਮਾਰਟਫ਼ੋਨ
ਆਮ ਆਦਮੀ ਪਾਰਟੀ ਤੇ ਵਿਧਾਨ ਸਭਾ ਹਲਕਾ ਦਾਖਾ ਤੋਂ ਅਸਤੀਫ਼ਾ ਦੇ ਚੁੱਕੇ ਹਰਵਿੰਦਰ ਸਿੰਘ ਫੂਲਕਾ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਮੁੱਖ ਮੰਤਰੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਕੇਂਦਰੀ ਮੰਤਰੀ ਨੂੰ ਜਲਦ ਤੋਂ ਜਲਦ ਮਿਲਣ। ਕੈਪਟਨ ਨੇ ਵੀ ਫੂਲਕਾ ਦੀ ਸਲਾਹ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਜਲਦ ਹੀ ਕੇਂਦਰ ਨੂੰ ਮਿਲਣਗੇ।
ਸਬੰਧਤ ਖ਼ਬਰ- ਜਸਟਿਸ ਰਣਜੀਤ ਸਿੰਘ ਬਾਰੇ 'ਮੰਦਾ' ਬੋਲ ਕਸੂਤੇ ਘਿਰੇ ਸੁਖਬੀਰ ਤੇ ਮਜੀਠੀਆ, ਹਾਈਕੋਰਟ ਨੇ ਦਿੱਤੇ ਜਾਂਚ ਦੇ ਹੁਕਮ
ਉੱਧਰ, ਫੂਲਕਾ ਵੱਲੋਂ ਪੇਸ਼ ਕੀਤੇ ਮਤੇ 'ਤੇ ਅਕਾਲੀ ਦਲ ਦੇ ਵਿਧਾਇਕ ਐਨਕੇ ਸ਼ਰਮਾ ਨੇ ਸਪੀਕਰ ਤੋਂ ਮੰਗ ਕੀਤੀ ਕਿ ਫੂਲਕਾ ਬਾਰੇ ਸਥਿਤੀ ਸਾਫ ਕੀਤੀ ਜਾਵੇ ਕਿ ਉਹ ਵਿਧਾਇਕ ਹਨ ਕਿ ਨਹੀਂ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਵੀ ਕਰਾਰ ਦਿੱਤਾ। ਅਕਾਲੀ ਦਲ ਦੇ ਹੱਲੇ ਮਗਰੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਫੂਲਕਾ ਦੇ ਬਚਾਅ ਵਿੱਚ ਉੱਤਰੇ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਜੋ ਫੂਲਕਾ ਨੇ ਕੀਤਾ ਹੈ, ਉਹ ਰਹਿੰਦੀ ਦੁਨੀਆ ਤਕ ਯਾਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਮੁੜ ਲੱਗੇਗਾ ਬਰਗਾੜੀ ਇਨਸਾਫ ਮੋਰਚਾ, ਹਵਾਰਾ ਹੱਥ ਰਹੇਗੀ ਕਮਾਨ
ਇਸੇ ਹੰਗਾਮੇ ਦੌਰਾਨ ਵਿਧਾਨ ਸਭਾ ਵਿੱਚ ਐਸਜੀਪੀਸੀ ਦੀਆਂ ਚੋਣਾਂ ਛੇਤੀ ਕਰਵਾਉਣ ਦਾ ਮਤਾ ਪਾਸ ਹੋ ਗਿਆ ਤੇ ਸਦਨ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ ਨੂੰ ਕੇਂਦਰ ਕੋਲ ਚੁੱਕਣ ਲਈ ਵੀ ਅਧਿਕਾਰ ਤੇ ਨਿਰਦੇਸ਼ ਦਿੱਤੇ ਗਏ। ਮਤਾ ਪਾਸ ਹੋਣ 'ਤੇ ਅਕਾਲੀ-ਬੀਜੇਪੀ ਦੇ ਵਿਧਾਇਕ ਔਖੇ ਹੋ ਗਏ ਤੇ ਨਾਅਰੇਬਾਜ਼ੀ ਕਰਦੇ ਵਾਕਆਊਟ ਕਰ ਗਏ।
ਸਬੰਧਤ ਖ਼ਬਰ- ਸਾਵਧਾਨ! ਅਗਲੇ 48 ਘੰਟਿਆਂ 'ਚ ਮੀਂਹ ਤੇ ਗੜ੍ਹੇਮਾਰੀ ਦੀ ਚੇਤਾਵਨੀ
ਸਦਨ ਤੋਂ ਬਾਹਰ ਆ ਕੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਮਤਾ ਪਾਸ ਕਰਨ ਦਾ ਕੋਈ ਹੱਕ ਨਹੀਂ। ਅਕਾਲੀਆਂ ਦੇ ਇਸ ਵਿਹਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਮਗਰਮੱਛ ਦੇ ਹੰਝੂ ਦੱਸਿਆ। ਉਨ੍ਹਾਂ ਕਿਹਾ ਕਿ ਅਕਾਲੀ ਇਸ ਲਈ ਵਿਰੋਧ ਕਰ ਰਹੇ ਹਨ ਤਾਂ ਜੋ ਐਸਜੀਪੀਸੀ 'ਤੇ ਉਨ੍ਹਾਂ ਦਾ ਦਬਦਬਾ ਬਰਕਰਾਰ ਰਹੇ।