ਚੰਡੀਗੜ੍ਹ: ਸਿਟੀ ਬਿਊਟੀਫੁੱਲ ਵਿੱਚ ਔਰਤਾਂ ਲਈ ਹੈਲਮੇਟ ਲਾਜ਼ਮੀ ਕਰਨ ਦੇ ਫੈਸਲੇ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖੁੱਲ੍ਹ ਕੇ ਪ੍ਰਸ਼ਾਸਨ ਦਾ ਵਿਰੋਧ ਕੀਤਾ ਹੈ। ਅਕਾਲੀ ਦਲ ਨੇ ਕਿਹਾ ਕਿ ਉਹ ਇਸ ਮਸਲੇ ਦੇ ਹੱਲ ਲਈ ਯੂਟੀ ਦੇ ਪ੍ਰਸ਼ਾਸਕ ਨਾਲ ਮੁਲਾਕਾਤ ਕਰਨਗੇ ਤੇ ਜੇਕਰ ਫਿਰ ਵੀ ਹੱਲ ਨਾ ਹੋਇਆ ਤਾਂ ਪ੍ਰਧਾਨ ਮੰਤਰੀ ਤਕ ਪਹੁੰਚ ਕਰਨਗੇ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇੱਕ ਫੈਸਲੇ ਰਾਹੀਂ ਸਿੱਖ ਔਰਤਾਂ ਨੂੰ ਹੈਲਮਟ ਤੋਂ ਮਿਲੀ ਛੋਟ ਦੀ ਜਿੱਥੇ ਪੰਜਾਬ ਰਾਜ ਵੱਲੋਂ ਪੂਰੀ ਤਰ੍ਹਾਂ ਰਾਖੀ ਕੀਤੀ ਜਾ ਰਹੀ ਹੈ, ਉੱਥੇ ਸੂਬੇ ਦੀ ਰਾਜਧਾਨੀ ਨੇ ਬਿਲਕੁਲ ਹੀ ਉਲਟ ਸਟੈਂਡ ਲੈ ਲਿਆ ਹੈ। ਇਸ ਨਾਲ ਪੰਜਾਬ ਅਤੇ ਇਸ ਦੀ ਰਾਜਧਾਨੀ ਵਿਚ ਰਹਿੰਦੀਆਂ ਔਰਤਾਂ ਲਈ ਦੋ ਵੱਖਰੀ ਕਿਸਮ ਦੇ ਕਾਨੂੰਨ ਹੋਂਦ ਵਿਚ ਆ ਗਏ ਹਨ।

ਡਾਕਟਰ ਚੀਮਾ ਨੇ ਕਿਹਾ ਕਿ ਸੂਬਿਆਂ ਅਤੇ ਸੰਘੀ ਖੇਤਰਾਂ ਦੀਆਂ ਸਰਕਾਰਾਂ ਇੱਕ ਸਿੱਖ ਪੁਰਸ਼ ਅਤੇ ਔਰਤ ਦੀ ਪਹਿਚਾਣ ਬਾਰੇ ਆਪਣੀ ਮਰਜ਼ੀ ਦੀ ਪਰਿਭਾਸ਼ਾ ਨਹੀਂ ਘੜ ਸਕਦੀਆਂ। ਸਾਬਕਾ ਸਿੱਖਿਆ ਮੰਤਰੀ ਨੇ ਕਿਹਾ ਕਿ ਪਾਰਟੀ ਇਸ ਮੁੱਦੇ ਨੂੰ ਯੂਟੀ ਦੇ ਪ੍ਰਸਾਸ਼ਕ ਕੋਲ ਉਠਾਏਗੀ ਅਤੇ ਇਸ ਤਾਜ਼ਾ ਸੋਧ ਨੂੰ ਵਾਪਸ ਲੈਣ ਲਈ ਅਪੀਲ ਕਰੇਗੀ।

ਡਾ. ਚੀਮਾ ਨੇ ਐਲਾਨ ਕੀਤਾ ਕਿ ਜੇਕਰ ਲੋੜ ਪਈ ਤਾਂ ਪਾਰਟੀ ਇਸ ਬੇਹੱਦ ਸੰਵੇਦਨਸ਼ੀਲ ਧਾਰਮਿਕ ਮੁੱਦੇ 'ਤੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਘੱਟ ਗਿਣਤੀਆਂ ਦੇ ਕੌਮੀ ਕਮਿਸ਼ਨ ਨੂੰ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਮਰਿਆਦਾ ਤੇ ਸਿਧਾਂਤਾਂ ਮੁਤਾਬਕ ਇੱਕ ਸਿੱਖ ਔਰਤ ਲਈ ਦਸਤਾਰ ਸਜਾਉਣਾ ਲਾਜ਼ਮੀ ਨਹੀਂ ਹੈ। ਇਹ ਉਸ ਦੀ ਆਪਣੀ ਚੋਣ ਤੇ ਨਿਰਭਰ ਕਰਦਾ ਹੈ। ਸਿੱਖ ਧਰਮ ਵਿਚ ਸਿਰਫ ਪੁਰਸ਼ਾਂ ਲਈ ਦਸਤਾਰ ਸਜਾਉਣਾ ਲਾਜ਼ਮੀ ਹੈ। ਤਕਰੀਬਨ 99% ਸਿੱਖ ਔਰਤਾਂ ਆਪਣਾ ਸਿਰ ਦੁਪੱਟੇ ਨਾਲ ਢਕਦੀਆਂ ਹਨ। ਸਿੱਖ ਔਰਤਾਂ ਨੂੰ ਹੈਲਮਟ ਪਹਿਨਣ ਤੋਂ ਦਿੱਤੀ ਗਈ ਛੋਟ ਸਾਰੀਆਂ ਔਰਤਾਂ 'ਤੇ ਲਾਗੂ ਹੁੰਦੀ ਹੈ।

ਚੀਮਾ ਨੇ ਕਿਹਾ ਕਿ ਚੰਡੀਗੜ੍ਹ ਪ੍ਰਸਾਸ਼ਨ ਦੀ ਕਾਰਵਾਈ ਨੇ ਸਮੁੱਚੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਉਤੇ ਡੂੰਘੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਯੂ.ਟੀ. ਪ੍ਰਸਾਸ਼ਨ ਕੋਲ ਇੱਕ ਸਿੱਖ ਔਰਤ ਦੀ ਪਛਾਣ ਨੂੰ ਪਰਿਭਾਸ਼ਿਤ ਜਾਂ ਮੁੜ-ਪਰਿਭਾਸ਼ਿਤ ਕਰਨ ਜਾਂ ਇਹ ਤੈਅ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿ ਕਾਨੂੰਨ ਦੀਆਂ ਨਜ਼ਰਾਂ ਵਿੱਚ ਇੱਕ ਸਿੱਖ ਔਰਤ ਕੌਣ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸਾਸ਼ਨ ਦੀ ਕਾਰਵਾਈ ਪੂਰੀ ਤਰ੍ਹਾਂ ਨਾਲ ਤਾਨਾਸ਼ਾਹੀ, ਯੋਜਨਾਹੀਣ ਤੇ ਨਾਸਮਝੀ ਭਰੀ ਹੈ। ਸਿੱਖ ਰਹਿਤ ਮਰਿਆਦਾ ਵਿਚ ਸਪੱਸ਼ਟ ਰੂਪ ਵਿਚ ਦੱਸੀ ਗਈ ਇੱਕ ਸਿੱਖ ਔਰਤ ਦੀ ਪਰਿਭਾਸ਼ਾ ਨੂੰ ਬਦਲਣ ਦਾ ਅਧਿਕਾਰ ਯੂਟੀ ਪ੍ਰਸਾਸ਼ਨ ਕਿਵੇਂ ਲੈ ਸਕਦਾ ਹੈ। ਰਹਿਤ ਮਰਿਆਦਾ ਨਾਲ ਛੇੜਛਾੜ ਕਰਨਾ ਯੂਟੀ ਪ੍ਰਸਾਸ਼ਨ ਦਾ ਕੰਮ ਨਹੀਂ ਹੈ।

ਡਾਕਟਰ ਚੀਮਾ ਯੂਟੀ ਪ੍ਰਸਾਸ਼ਨ ਦੇ ਇੱਕ ਤਾਜ਼ਾ ਨੋਟੀਫਿਕੇਸ਼ਨ ਬਾਰੇ ਟਿੱਪਣੀ ਕਰ ਰਹੇ ਸਨ, ਜਿਸ ਵਿਚ ਕਿਹਾ ਗਿਆ ਹੈ ਕਿ ਹੈਲਮਟ ਪਾਉਣ ਤੋਂ ਛੋਟ ਦੇਣ ਵਾਸਤੇ ਇੱਕ ਸਿੱਖ ਔਰਤ ਦਾ ਅਰਥ 'ਇੱਕ ਦਸਤਾਰ ਪਹਿਨਣ ਵਾਲੀ ਸਿੱਖ ਔਰਤ' ਹੋਵੇਗਾ। ਡਾਕਟਰ ਚੀਮਾ ਨੇ ਕਿਹਾ ਕਿ ਕਿਸੇ ਨੂੰ ਯੂਟੀ ਪ੍ਰਸਾਸ਼ਨ ਨੂੰ ਦੱਸਣਾ ਚਾਹੀਦਾ ਹੈ ਕਿ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਕਿਸੇ ਅਸੁਵਿਧਾ ਕਰਕੇ ਨਹੀਂ, ਸਗੋਂ ਧਾਰਮਿਕ ਸੰਵੇਦਨਸ਼ੀਲਤਾ ਅਤੇ ਉਹਨਾਂ ਸਿਧਾਂਤਾਂ ਕਰਕੇ ਦਿੱਤੀ ਗਈ ਹੈ, ਜਿਹੜੇ ਇੱਕ ਸਿੱਖ ਨੂੰ ਹੈਲਮਟ, ਟੋਪੀ ਜਾਂ ਹੈਟ ਪਾਉਣ ਤੋਂ ਵਰਜਦੇ ਹਨ।