ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟਕਸਾਲੀ ਲੀਡਰਾਂ ਵੱਲੋਂ ਬਾਦਲਾਂ ਦੇ ਗੜ੍ਹ 'ਚ ਧਾਵਾ ਬੋਲ ਕੇ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਬੇਸ਼ੱਕ ਬਠਿੰਡਾ ਤੇ ਮੁਕਤਸਰ ਸਾਹਿਬ ਦੇ ਹਲਕਿਆਂ ਅੰਦਰ ਬਾਦਲਾਂ ਨੂੰ ਵੰਗਾਰ ਦੇਣੀ ਸੌਖੀ ਨਹੀਂ ਪਰ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਦਰਜਨ ਦੇ ਕਰੀਬ ਹੋਰ ਲੀਡਰਾਂ ਵੱਲੋਂ ਟਕਸਾਲੀਆਂ ਨਾਲ ਖੜ੍ਹਾ ਹੋਣ ਮਗਰੋਂ ਅਕਾਲੀ ਦਲ ਅੰਦਰ ਹਿੱਲਜੁੱਲ ਪੈਦਾ ਹੋ ਗਈ ਹੈ।


ਸੂਤਰਾਂ ਮੁਤਾਬਕ ਬੀਬੀ ਗੁਲਸ਼ਨ ਵਾਂਗ ਅਨੇਕਾਂ ਅਕਾਲੀ ਲੀਡਰ ਆਪਣੇ ਆਪ ਨਾਲ ਵਿੱਤਕਰਾ ਮਹਿਸੂਸ ਕਰ ਰਹੇ ਹਨ। ਅਗਲੇ ਦਿਨਾਂ ਅੰਦਰ ਅਕਾਲੀ ਦਲ ਨੂੰ ਹੋਰ ਝਟਕੇ ਲੱਗ ਸਕਦੇ ਹਨ। ਦਰਅਸਲ ਟਕਸਾਲੀ ਲੀਡਰ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਕਰ ਰਹੇ ਹਨ। ਇਸ ਲਈ ਉਹ ਅਜਿਹੇ ਅਕਾਲੀ ਲੀਡਰਾਂ ਨਾਲ ਹੀ ਰਾਬਤਾ ਕਰ ਰਹੇ ਹਨ ਜੋ ਸਮਝਦੇ ਹਨ ਕਿ ਧਾਰਮਿਕ ਮਾਮਲਿਆਂ 'ਚ ਸਿਆਸੀ ਦਖਲ ਨੇ ਪੰਥਕ ਸਿਧਾਂਤਾਂ ਨੂੰ ਖੋਰਾ ਲਾਇਆ ਹੈ।



ਟਕਸਾਲੀਆਂ ਦਾ ਇਹ ਪੈਂਤੜਾ ਫਿੱਟ ਬੈਠਦਾ ਦਿਖਾਈ ਦਿੰਦਾ ਹੈ ਕਿਉਂਕਿ ਧਾਰਮਿਕ ਪੰਥਕ ਬਿਰਤੀ ਵਾਲੇ ਅਕਾਲੀ ਲੀਡਰ ਬਾਦਲਾਂ ਨੂੰ ਝਟਕਾ ਦੇਣ ਲਈ ਤਿਆਰ ਬੈਠੇ ਹਨ। ਇਸ ਲਈ ਮੰਨਿਆ ਜਾਂਦਾ ਹੈ ਕਿ ਅਗਲੇ ਦਿਨਾਂ ਵਿੱਚ ਟਕਸਾਲੀ ਲੀਡਰ ਅਕਾਲੀ ਦਲ ਵਿੱਚ ਹੋਰ ਸੰਨ੍ਹ ਲਾਉਣਗੇ। ਮਾਲਵਾ ਵਿੱਚ ਇਸ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਢੀਂਡਸਾ ਸੰਭਾਲ ਰਹੇ ਹਨ। ਮਾਝਾ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਜੁਟ ਗਏ ਹਨ। ਉਧਰ ਬਾਦਲ ਵੀ ਰੁੱਸਿਆਂ ਨੂੰ ਮਨਾਉਣ ਲਈ ਸਰਗਰਮ ਹੋ ਗਏ ਹਨ।

ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਿਆਨ ਸ਼੍ਰੋਮਣੀ ਕਮੇਟੀ ਚੋਣਾਂ ’ਤੇ ਹੈ ਤੇ ਕੇਂਦਰ ਸਰਕਾਰ ਨੂੰ ਇਹ ਚੋਣ ਸਮੇਂ ਸਿਰ ਕਰਵਾਉਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਅਕਾਲੀ ਦਲ (1920) ਤੇ ਐਚਐਸ ਫੂਲਕਾ ਤੋਂ ਇਲਾਵਾ ਭਾਈ ਰਣਜੀਤ ਸਿੰਘ ਨੇ ਸਹਿਯੋਗ ਦੇਣ ਦਾ ਫ਼ੈਸਲਾ ਲਿਆ ਹੈ। ਉਂਝ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵੀ ਲੜਨ ਵੱਲ਼ ਇਸ਼ਾਰਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਾਂਗਰਸ ਤੇ ਬਾਦਲਾਂ ਤੋਂ ਬਿਨਾਂ ਕਿਸੇ ਨਾਲ ਵੀ ਚੋਣ ਸਮਝੌਤਾ ਸੰਭਵ ਹੈ ਪਰ ਇਸ ਬਾਰੇ ਹਾਲੇ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਮਖਿਆਲੀਆਂ ਨਾਲ ਗੱਲ਼ ਤੋਰੀ ਜਾਏਗੀ ਤਾਂ ਪੰਜਾਬ ਨੂੰ ਲੋਟੂਆਂ ਤੋਂ ਬਚਾਇਆ ਜਾ ਸਕੇ।

ਢੀਂਡਸਾ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ‘ਤਾਨਸ਼ਾਹ’ ਬਣਿਆ ਬੈਠਾ ਹੈ ਤੇ ਘਰ ਬੈਠ ਕੇ ਹੀ ਫ਼ੈਸਲੇ ਲਏ ਜਾ ਰਹੇ ਹਨ, ਪਰ ਲੋਕਾਂ ਦੇ ਹੜ੍ਹ ਅੱਗੇ ਹੰਕਾਰ ਨੂੰ ਮਾਰ ਪੈਣੀ ਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਾਰਟੀ ਖਾਤਰ ਜੇਲ੍ਹਾਂ ਕੱਟੀਆਂ ਹਨ ਤੇ ਕੁਰਬਾਨੀਆਂ ਕੀਤੀਆਂ ਹਨ, ਇਸੇ ਲਈ ਮਾਣ ਸਤਿਕਾਰ ਮਿਲਿਆ ਹੈ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਢਾਹ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪੈਸਾ ਨਿੱਜੀ ਹਿੱਤਾਂ ਲਈ ਰੋੜ੍ਹਿਆ ਜਾ ਰਿਹਾ ਹੈ, ਜਿਸ ਦੀ ਜਾਂਚ ਨਵੀਂ ਬਣਨ ਵਾਲੀ ਸ਼੍ਰੋਮਣੀ ਕਮੇਟੀ ਕਰੇਗੀ। ਉਨ੍ਹਾਂ ਇਸ਼ਾਰਾ ਕੀਤਾ ਕਿ ਆਉਂਦੇ ਦਿਨਾਂ ਵਿੱਚ ਅਕਾਲੀ ਦਲ (ਬਾਦਲ) ਦੇ ਕਈ ਹੋਰ ਆਗੂ ਵੀ ਉਨ੍ਹਾਂ ਨਾਲ ਜੁੜ ਰਹੇ ਹਨ।