Crime News: ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ ਦੀ 9 ਸਤੰਬਰ ਦੀ ਸ਼ਾਮ ਨੂੰ ਖੰਨਾ ਦੇ ਪਿੰਡ ਇਕੋਲਾਹਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ 'ਚ ਮੁੱਖ ਦੋਸ਼ੀ ਰਣਜੀਤ ਸਿੰਘ ਵਾਸੀ ਇਕੋਲਾਹਾ ਨੂੰ ਘਟਨਾ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਬੀਤੀ ਰਾਤ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਅਕਾਲੀ ਆਗੂ ਤੇਜਿੰਦਰ ਸਿੰਘ ਇਕੋਲਾਹਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤੇਜਿੰਦਰ ਦੇ ਭਰਾ ਦੀ ਭਾਲ ਜਾਰੀ ਹੈ। ਦੋਸ਼ ਹੈ ਕਿ ਦੋਵੇਂ ਭਰਾਵਾਂ ਨੇ ਕਤਲ ਦੀ ਸਾਜ਼ਿਸ਼ ਰਚੀ ਸੀ। ਤੇਜਿੰਦਰ ਨੂੰ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


ਮੁੱਖ ਮੁਲਜ਼ਮ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਿੰਨ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਰਣਜੀਤ ਨੂੰ ਮੁੜ ਖੰਨਾ ਅਦਾਲਤ 'ਚ ਪੇਸ਼ ਕੀਤਾ ਗਿਆ।


ਜੱਜ ਦੇ ਸਾਹਮਣੇ ਸਰਕਾਰੀ ਵਕੀਲ ਨੇ ਪੁਲਿਸ ਤਰਫ਼ੋਂ ਰਿਮਾਂਡ ਦੀ ਮੰਗ ਕੀਤੀ। ਇਸ ਦਾ ਹਵਾਲਾ ਦਿੱਤਾ ਗਿਆ ਕਿ ਇਹ ਸਿਆਸੀ ਕਤਲ ਸੀ। ਇਸ ਵਿੱਚ ਦੋ ਫ਼ਰਾਰ ਭਰਾਵਾਂ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ ਹਨ। ਇਸ ਲਈ ਹੁਣ ਰਿਮਾਂਡ ਦੀ ਲੋੜ ਹੈ।


ਮੁਲਜ਼ਮ ਪੱਖ ਦੇ ਵਕੀਲ ਦਾ ਕਹਿਣਾ ਸੀ ਕਿ ਤਿੰਨ ਦਿਨਾਂ ਦੇ ਰਿਮਾਂਡ ਵਿੱਚ ਕੁਝ ਨਵਾਂ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਪੁਲਿਸ ਨੂੰ ਕੋਈ ਸੁਰਾਗ ਮਿਲਿਆ ਹੈ। ਇਸ ਲਈ ਉਨ੍ਹਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੀ ਮੰਗ ਕੀਤੀ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਜੱਜ ਨੇ ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਦੇ ਦਿੱਤਾ। ਇਸ ਤੋਂ  ਕੁਝ ਘੰਟਿਆਂ ਬਾਅਦ ਅਕਾਲੀ ਆਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ।


ਜਿਕਰ ਕਰ ਦਈਏ ਕਿ ਖੰਨਾ 'ਚ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ (56) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੋਮਵਾਰ ਸ਼ਾਮ ਨੂੰ ਜਦੋਂ ਤਰਲੋਚਨ ਆਪਣੇ ਖੇਤ ਤੋਂ ਘਰ ਪਰਤ ਰਿਹਾ ਸੀ ਤਾਂ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ। ਤਰਲੋਚਨ ਖੂਨ ਨਾਲ ਲੱਥਪੱਥ ਹਾਲਤ ਵਿਚ ਪਿੰਡ ਦੀ ਸੜਕ ਕਿਨਾਰੇ ਪਿਆ ਸੀ ਤਾਂ ਉਸ ਦੇ ਲੜਕੇ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਥੇ ਡਾਕਟਰਾਂ ਨੇ ਤਰਲੋਚਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਸੀ।