ਜੇ ਤੁਹਾਨੂੰ ਵੀ ਆਉਂਦੇ ਹਨ ਅਜਿਹੇ ਮੈਸਿਜ ਤਾਂ ਹੋ ਜਾਓ ਸਾਵਧਾਨ, ਪੰਜਾਬ ਪੁਲਿਸ ਦੇ ਸਾਈਬਰ ਸੈੱਲ ਦੀ ਚੇਤਾਵਨੀ
ਏਬੀਪੀ ਸਾਂਝਾ | 25 Jul 2020 05:18 PM (IST)
ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕਰਾਈਮ ਸੈੱਲ ਦੇ ਡੀਆਈਟੀਏਸੀ ਨੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕਰਾਈਮ ਸੈੱਲ ਦੇ ਡੀਆਈਟੀਏਸੀ ਨੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮੈਸੇਜ਼ਿੰਗ ਸੇਵਾਵਾਂ ਜਿਵੇਂ ਕਿ ਐਸਐਮਐਸ ਜਾਂ ਵਟਸਐਪ ਰਾਹੀਂ ਫੈਲਾਏ ਜਾ ਰਹੇ ਯੂਆਰਐਲ (URL) ਸੁਨੇਹਿਆਂ, ਜਿਸ ਵਿੱਚ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ 2000 ਰੁਪਏ ਦਾ ਮੁਫ਼ਤ ਕੋਵਿਡ ਰਾਹਤ ਪੈਕੇਜ ਦਿੱਤੇ ਜਾਣ ਸਬੰਧੀ ਦਰਸਾਇਆ ਜਾਂਦਾ ਹੈ, 'ਤੇ ਕਲਿੱਕ ਕਰਕੇ ਉਸ ਲਿੰਕ ਨੂੰ ਨਾ ਖੋਲਣ। ਇਸ ਦਾ ਖੁਲਾਸਾ ਕਰਦਿਆਂ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਧੋਖਾਧੜੀ ਵਾਲੇ ਸੁਨੇਹੇ ਨੂੰ ਖੋਲਣ ਨਾਲ ਤੁਹਾਡੇ ਡਿਵਾਈਸ ਦਾ ਕੰਟਰੋਲ ਸਾਈਬਰ ਅਪਰਾਧੀਆਂ ਦੇ ਹੱਥ ਵਿੱਚ ਜਾ ਸਕਦਾ ਹੈ। ਜਿਸ ਨਾਲ ਉਹ ਤੁਹਾਡੇ ਡਾਟਾ ਅਤੇ ਪੈਸਿਆਂ ਨਾਲ ਸਬੰਧਤ ਜਾਣਕਾਰੀ ਤੱਕ ਪਹੁੰਚ ਕਰਕੇ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਵਿੱਚ ਇਹ ਸੰਦੇਸ਼ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਕਿ “ਸਰਕਾਰ ਨੇ ਆਖਰਕਾਰ ਮਨਜ਼ੂਰੀ ਦੇ ਕੇ ਹਰੇਕ ਨਾਗਰਿਕ ਨੂੰ 2 ਹਜ਼ਾਰ ਰੁਪਏ ਦੇ ਮੁਫ਼ਤ ਕੋਵਿਡ ਰਾਹਤ ਫੰਡ ਦੇਣੇ ਸ਼ੁਰੂ ਕਰ ਦਿੱਤੇ ਹਨ। ਹੇਠਾਂ ਦਿੱਤਾ ਹੈ ਕਿ ਕਿਵੇਂ ਇਸ ਰਾਸ਼ੀ ਨੂੰ ਕਲੇਮ ਕਰਨਾ ਹੈ ਅਤੇ ਆਪਣੇ ਖਾਤੇ ਵਿੱਚ ਪ੍ਰਾਪਤ ਕਰਨਾ ਹੈ ਜਿਵੇਂ ਕਿ ਮੈਂ ਹੁਣੇ ਇਸ ਲਿੰਕ ਤੋਂ ਕੀਤਾ ਹੈ https://covid19-relieffund.com/ ਤੁਸੀਂ ਸਿਰਫ ਇੱਕ ਵਾਰ ਕਲੇਮ ਕਰਕੇ ਰਾਸ਼ੀ ਆਪਣੇ ਖਾਤੇ ਵਿੱਚ ਪ੍ਰਾਪਤ ਕਰ ਸਕਦੇ ਹੋ।