ਚੰਡੀਗੜ੍ਹ: ਹੁਣ ਫੇਸਬੁੱਕ ਤੁਹਾਡੇ ਵੀਜ਼ੇ ਲਈ ਰੁਕਾਵਟ ਪੈਦਾ ਕਰ ਸਕਦੀ ਹੈ। ਆਸਟ੍ਰੇਲੀਆ ਦਾ ਇੰਮੀਗ੍ਰੇਸ਼ਨ ਵਿਭਾਗ ਹੁਣ ਜੇਕਰ ਫੇਸਬੁਕ ਜਾਂ ਸੋਸ਼ਲ ਮੀਡੀਆ 'ਚ ਇਸ ਪ੍ਰਕਾਰ ਦੀ ਸਮੱਗਰੀ ਲੱਭ ਲਏ, ਜਿਸ ਵਿੱਚ ਕਿਸੇ ਖਿਲਾਫ਼ ਨਫ਼ਰਤ, ਧਮਕਾਉਣ ਜਾਂ ਵਿਤਕਰੇ ਵਾਲੀ ਗੱਲ ਹੋਵੇ, ਤਾਂ ਉਹ ਉਸ ਨੂੰ ਆਧਾਰ ਬਣਾ ਕੇ ਤੁਹਾਡਾ ਵੀਜ਼ਾ ਰੱਦ ਕਰ ਸਕਦਾ ਹੈ।
ਆਸਟ੍ਰੇਲੀਆ ਦੇ ਇੰਮੀਗ੍ਰੇਸ਼ਨ ਮੰਤਰੀ ਵੱਲੋਂ ਨਿੱਤ ਨਵੇਂ ਫੁਰਮਾਨ ਪ੍ਰਵਾਸੀਆਂ ਨੂੰ ਪੱਕੇ ਹੋਣ ਤੋਂ ਰੋਕਣ ਲਈ ਸੁਣਾਏ ਜਾ ਰਹੇ ਹਨ। ਮਾਈਗ੍ਰੇਸ਼ਨ ਦੀ ਇਹ ਸੋਧ 18 ਨਵੰਬਰ, 2017 ਤੋਂ ਲਾਗੂ ਹੋਈ ਹੈ। ਇਸ ਅਨੁਸਾਰ ਤੁਸੀਂ ਕਿਸੇ ਫ਼ਿਰਕੇ ਖਿਲਾਫ਼ ਨਫ਼ਰਤੀ ਭਾਸ਼ਣ ਜਾਂ ਆਨਲਾਈਨ ਸਰਗਰਮੀ ਕਰਦੇ ਹੋ, ਕਿਸੇ ਨੂੰ ਧਮਕਾਉਂਦੇ ਹੋ ਤਾਂ ਇਹ ਤੁਹਾਡੇ ਤੌਰ-ਤਰੀਕੇ ਨੂੰ ਦਰਸਾਉਂਦਾ ਹੈ। ਇਸ ਲਈ ਵੀਜ਼ਾ ਵਿਭਾਗ ਤੁਹਾਡੇ ਕੱਚੇ ਵੀਜ਼ੇ ਨੂੰ ਰੱਦ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਜੁਲਾਈ 2016 ਤੋਂ ਅਪ੍ਰੈਲ 2017 ਤੱਕ ਵੱਖ-ਵੱਖ ਕਾਰਨਾਂ ਕਰਕੇ 47,000 ਵੀਜ਼ੇ ਰੱਦ ਹੋਏ। ਇਸ ਤੋਂ ਇਲਾਵਾ ਕੱਚੇ ਜਾਂ ਵਿਜ਼ਟਰ ਵੀਜ਼ੇ ਉੱਪਰ ਆਏ ਲੋਕਾਂ ਲਈ ਸੋਸ਼ਲ ਮੀਡੀਆ 'ਚ ਪਾਈਆਂ ਫੋਟੋਆਂ ਵੀ ਸਿਰਦਰਦੀ ਬਣ ਸਕਦੀਆਂ ਹਨ।