Lok Sabha Election: ਲੋਕ ਸਭਾ ਚੋਣਾਂ ਵਿੱਚ ਸਭ ਦੀਆਂ ਨਜ਼ਰਾਂ ਖਡੂਰ ਸਾਹਿਬ ਹਲਕੇ ਉਪਰ ਹਨ। ਹਲਕੇ ਵਿੱਚ ਸ਼ਾਂਤਮਈ ਤਰੀਕੇ ਨਾਲ ਵੋਟਿੰਗ ਹੋ ਰਹੀ ਹੈ। ਦੁਪਹਿਰ 1 ਵਜੇ ਤੱਕ 37.76 ਫੀਸਦੀ ਵੋਟਿੰਗ ਹੋਈ ਹੈ। 'ਵਾਰਿਸ ਪੰਜਾਬ ਦੇ' ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਆਜ਼ਾਦ ਚੋਣ ਲੜਨ ਕਰਕੇ ਇਹ ਹਲਕਾ ਦੇਸ਼-ਵਿਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 


ਦੱਸ ਦਈਏ ਕਿ ਖਡੂਰ ਸਾਹਿਬ ਸੀਟ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਦੁਪਹਿਰ 1 ਵਜੇ ਤੱਕ ਖਡੂਰ ਸਾਹਿਬ ਵਿੱਚ 37.76 ਫੀਸਦੀ ਵੋਟਿੰਗ ਹੋ ਚੁੱਕੀ ਹੈ। ਅੱਜ ਸਵੇਰ ਤੋਂ ਹੀ ਵਿਧਾਨ ਸਭਾ ਹਲਕਾ ਜੀਰਾ ਸਭ ਤੋਂ ਉੱਪਰ ਹੈ। ਹੁਣ ਇੱਥੇ 43% ਵੋਟਿੰਗ ਹੋ ਚੁੱਕੀ ਹੈ। ਇਸ ਦੇ ਨਾਲ ਹੀ ਤਰਨ ਤਾਰਨ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਘੱਟ 34.50 ਫੀਸਦੀ ਵੋਟਿੰਗ ਹੋਈ ਹੈ। 


ਹਾਸਲ ਜਾਣਕਾਰੀ ਮੁਤਾਬਕ ਜ਼ੀਰਾ ਵਿਧਾਨ ਸਭਾ ਵਿੱਚ ਸਵੇਰੇ 11 ਵਜੇ ਤੱਕ 27.20 ਫੀਸਦੀ ਵੋਟਿੰਗ ਹੋਈ। ਇਸ ਦੇ ਨਾਲ ਹੀ ਤਰਨ ਤਾਰਨ ਵੋਟਾਂ ਦੇ ਮਾਮਲੇ ਵਿਚ ਲਗਾਤਾਰ ਪਛੜਦਾ ਜਾ ਰਿਹਾ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਸੀਟ 'ਤੇ 16 ਲੱਖ 67 ਹਜ਼ਾਰ 797 ਵੋਟਰ ਹਨ। ਜਿਨ੍ਹਾਂ ਵਿੱਚ 8 ਲੱਖ 76 ਹਜ਼ਾਰ 281 ਪੁਰਸ਼ ਵੋਟਰ ਤੇ 7 ਲੱਖ 91 ਹਜ਼ਾਰ 449 ਮਹਿਲਾ ਵੋਟਰ ਹਨ। ਇਸ ਦੇ ਨਾਲ ਹੀ 67 ਟਰਾਂਸਜੈਂਡਰ ਵੋਟਰ ਹਨ।


ਇਹ ਸੀਟ ਆਜ਼ਾਦ ਉਮੀਦਵਾਰ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ, ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਤੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਵਿਚਕਾਰ ਹੈ। ਇੱਥੋਂ ਭਾਜਪਾ ਵੱਲੋਂ ਮਨਜੀਤ ਸਿੰਘ ਮੰਨਾ ਮੀਆਂਵਿੰਡ ਚੋਣ ਲੜ ਰਹੇ ਹਨ। ਇੱਥੇ ਕੁੱਲ 27 ਉਮੀਦਵਾਰ ਮੈਦਾਨ ਵਿੱਚ ਹਨ।


ਪੰਜਾਬ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ 


ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਦੁਪਹਿਰ 1 ਵਜੇ ਤੱਕ 37.80 ਫੀਸਦੀ ਵੋਟਿੰਗ ਹੋਈ। ਇਸੇ ਦੌਰਾਨ ਫ਼ਿਰੋਜ਼ਪੁਰ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਸੁਰਿੰਦਰ ਕੰਬੋਜ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਕੰਬੋਜ ਨੇ ਵੋਟ ਪਾਉਣ ਸਮੇਂ ਵੀਡੀਓ ਬਣਾਈ ਸੀ। ਜੋ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਿਆ। ਇਸ 'ਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ। 'ਆਪ', ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰ ਅਤੇ ਆਗੂ ਵੋਟਾਂ ਪਾਉਣ ਲਈ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਰਹੇ ਹਨ।