ਤਲਵੰਡੀ ਸਾਬੋ: ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 28 ਤੋਂ 30 ਅਗਸਤ ਤੱਕ ਮਨ੍ਹਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 316ਵੇਂ ਸੰਪੂਰਨਤਾ ਦਿਵਸ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੰਗਤਾਂ ਵੱਲੋਂ ਸੰਪੂਰਨਤਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨ੍ਹਾਇਆ ਜਾ ਰਿਹਾ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਗੱਲਬਾਤ ਦੌਰਾਨ ਹਲਕਾ ਤਲਵੰਡੀ ਸਾਬੋ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮੋਹਣ ਸਿੰਘ ਬੰਗੀ ਨੇ ਕੀਤਾ। 


ਉਨਾਂ ਦੱਸਿਆ ਕਿ 28 ਅਗਸਤ ਨੂੰ ਤਖਤ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਪ੍ਰਕਾਸ਼ ਦੇ ਨਾਲ ਹੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਆਰੰਭ ਹੋ ਜਾਣਗੇ ਅਤੇ 30 ਅਗਸਤ ਨੂੰ ਮੁੱਖ ਸਮਾਗਮ ਹੋਵੇਗਾ।ਉਨਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਹੇਠ ਹੋਣ ਵਾਲੇ ਮੁੱਖ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਰਾਗੀ ਅਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਗੁਰਇਤਿਹਾਸ ਨਾਲ ਜੋੜਨਗੇ ਜਦੋਂਕਿ ਸਿੱਖ ਧਰਮ ਦੀਆਂ ਉੱਚ ਧਾਰਮਿਕ ਸਖਸ਼ੀਅਤਾਂ,ਸਿੰਘ ਸਾਹਿਬਾਨ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਹਰਜਿੰਦਰ ਸਿੰਘ ਧਾਮੀ ਸ਼ਮੂਲੀਅਤ ਕਰਨਗੇ।


ਭਾਈ ਬੰਗੀ ਨੇ ਦੱਸਿਆ ਕਿ ਸੰਪੂਰਨਤਾ ਦਿਵਸ ਸਮਾਗਮਾਂ ਵਿੱਚ ਵੱਡੀ ਗਿਣਤੀ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧਕਾਂ ਵੱਲੋਂ ਰਿਹਾਇਸ਼ ਅਤੇ ਲੰਗਰਾਂ ਸਮੇਤ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਇਸ ਮੌਕੇ ਮੌਜੂਦ ਹਰਿਆਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਜਗਸੀਰ ਸਿੰਘ ਮਾਂਗੇਆਣਾ ਨੇ ਦੱਸਿਆ ਕਿ ਸੰਪੂਰਨਤਾ ਦਿਵਸ ਸਮਾਗਮਾਂ ਵਿੱਚ ਹਰਿਆਣਾ ਤੋਂ ਵੀ ਵੱਡੀ ਗਿਣਤੀ ਸੰਗਤ ਹਾਜ਼ਿਰੀ ਭਰੇਗੀ। 



ਇਸ ਮੌਕੇ ਭਾਈ ਰਣਜੀਤ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ,ਭਾਈ ਗੁਰਸੇਵਕ ਸਿੰਘ ਕਿੰਗਰਾ ਮੀਤ ਮੈਨੇਜਰ,ਭਾਈ ਰਵਿੰਦਰ ਸਿੰਘ ਪ੍ਰਿੰਸੀਪਲ ਗੁਰਮਤਿ ਵਿਦਿਆਲਾ ਆਦਿ ਮੌਜੂਦ ਰਹੇ।