Punjab Schools Open: ਪੰਜਾਬ ਵਿੱਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਵਿਚਾਲੇ ਅੱਜ ਤੋਂ ਪੰਜਾਬ ਭਰ ਦੇ ਸਕੂਲ ਖੁੱਲ੍ਹ ਗਏ ਹਨ। ਦੱਸ ਦੇਈਏ ਕਿ ਜਿੱਥੇ ਚੰਡੀਗੜ੍ਹ ਦੇ ਸਕੂਲਾਂ ਵਿੱਚ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਹੈ, ਉੱਥੇ ਪੰਜਾਬ ਸਕੂਲਾਂ ਵਿੱਚ ਛੁੱਟੀਆਂ ਵਿੱਚ ਵਾਧਾ ਨਹੀਂ ਹੋਇਆ।ਜਿਸਦੇ ਚੱਲਦੇ ਅੱਜ ਵਿਦਿਆਰਥੀ ਠੁਰ-ਠੁਰ ਕਰਦੇ ਸਕੂਲਾਂ ਨੂੰ ਜਾਂਦੇ ਦਿਖਾਈ ਦਿੱਤੇ। ਹਾਲਾਂਕਿ ਬੀਤੀ ਦੇਰ ਸ਼ਾਮ ਤੱਕ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਡੀਕ ਸੀ ਕਿ ਠੰਡ ਜ਼ਿਆਦਾ ਹੋਣ ਕਾਰਨ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ, ਪਰ ਪੰਜਾਬ ਸਰਕਾਰ ਵਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। 

Continues below advertisement

ਪੰਜਾਬ ਵਿੱਚ ਸਕੂਲ ਖੁੱਲ੍ਹਣ ਦਾ ਸਮਾਂ

ਇਸ ਤੋਂ ਬਾਅਦ ਅੱਜ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਆਮ ਵਾਂਗ ਖੁੱਲ੍ਹ ਗਏ ਹਨ। ਦੱਸ ਦੇਈਏ ਕਿ ਸਕੂਲਾਂ ਦਾ ਸਮਾਂ ਪ੍ਰਾਇਮਰੀ ਲਈ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਹੋਵੇਗਾ, ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਹੋਵੇਗਾ। 

Continues below advertisement

ਛੁੱਟੀਆਂ ਵਿੱਚ ਨਹੀਂ ਹੋਇਆ ਵਾਧਾ

ਪਹਿਲਾਂ ਪੰਜਾਬ ਸਰਕਾਰ ਵੱਲੋਂ 24 ਦਸੰਬਰ ਤੋਂ 31 ਦਸੰਬਰ ਤੱਕ ਸਮੂਹ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਸਨ। ਬਾਅਦ ’ਚ ਜ਼ਿਆਦਾ ਠੰਡ ਅਤੇ ਧੁੰਦ ਕਾਰਨ ਇਨ੍ਹਾਂ ਛੁੱਟੀਆਂ ਨੂੰ 13 ਜਨਵਰੀ ਤੱਕ ਵਾਧਾ ਕਰ ਦਿੱਤਾ ਗਿਆ ਸੀ। ਹੁਣ ਬੀਤੇ ਦਿਨੀਂ ਸਰਕਾਰ ਵੱਲੋਂ ਛੁੱਟੀਆਂ ’ਚ ਕੋਈ ਵਾਧਾ ਨਾ ਕੀਤੇ ਜਾਣ ਕਾਰਨ ਬੁੱਧਵਾਰ ਨੂੰ ਸਾਰੇ ਸਕੂਲ ਆਮ ਵਾਂਗ ਖੁੱਲ੍ਹ ਗਏ।

ਛੁੱਟੀਆਂ ਨੂੰ ਲੈ ਕੇ ਫਰਜ਼ੀ ਪੋਸਟ ਹੋਈ ਵਾਈਰਲ

ਧਿਆਨਦੇਣ ਯੋਗ ਹੈ ਕਿ ਮੰਗਲਵਾਰ ਨੂੰ ਪੰਜਾਬ ’ਚ ਸਿੱਖਿਆ ਵਿਭਾਗ ਅਤੇ ਸਕੂਲਾਂ ਨਾਲ ਜੁੜੀ ਇਕ ਅਜਿਹੀ ਹੀ ਫਰਜ਼ੀ ਪੋਸਟ ਨੇ ਜ਼ਬਰਦਸਤ ਹਲਚਲ ਮਚਾ ਦਿੱਤੀ। ਅਸਲ 'ਚ ਵਟਸਐਪ ਗਰੁੱਪਾਂ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸੋਸ਼ਲ ਮੀਡੀਆ ਅਕਾਊਂਟ ਵਰਗੀ ਦਿਸਣ ਵਾਲੀ ਇਕ ਜਾਅਲੀ ਪੋਸਟ ਅਧਿਆਪਕਾਂ ਅਤੇ ਸਕੂਲਾਂ ’ਚ ਵਾਇਰਲ ਕੀਤੀ ਗਈ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਭਿਆਨਕ ਠੰਡ ਕਾਰਨ ਸਕੂਲਾਂ ’ਚ ਛੁੱਟੀਆਂ 17 ਜਨਵਰੀ ਤੱਕ ਵਧਾ ਦਿੱਤੀਆਂ ਹਨ, ਜਦੋਂ ਕਿ ਮੰਤਰੀ ਦੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ’ਤੇ ਅਜਿਹੀ ਕੋਈ ਜਾਣਕਾਰੀ ਅਪਲੋਡ ਨਹੀਂ ਕੀਤੀ ਗਈ ਸੀ।